ਪੁਲਿਸ ਅਧਿਕਾਰੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਕਤਲ ਕੀਤੇ ਗਏ ਕਿਸਾਨ ਦਾ 6 ਦਿਨ ਬਾਅਦ ਕੀਤਾ ਗਿਆ ਅੰਤਿਮ ਸੰਸਕਾਰ
23 ਮਈ ਨੂੰ ਕੁਲਵਿੰਦਰ ਸਿੰਘ ਬਿੱਟੂ ਦਾ ਦਿਨ ਦਿਹਾੜੇ ਕਰ ਦਿੱਤਾ ਗਿਆ ਸੀ ਕਤਲ, ਰਾਜਨੀਤਿਕ ਹਸਤੀ ਅਤੇ ਉਸਦੇ ਸਾਥੀਆਂਤੇ ਲਗਾਇਆ ਜਾ ਰਿਹੈ ਕਤਲ ਦਾ ਇਲਜ਼ਾਮ, ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ
ਬੀਤੀ 23 ਮਈ ਨੂੰ ਕਸਬਾ ਕਾਹਨੂੰਵਾਨ ਦੇ ਮਹੱਲਾ ਨਵਾਂ ਪਿੰਡ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਬਿੱਟੂ ਦਾ ਦਿਨ ਦਿਹਾੜੇ ਕਤਲ ਹੋ ਗਿਆ ਸੀ ਜਿਸ ਦੇ ਕਤਲ ਤੋਂ ਬਾਅਦ ਕਸਬੇ ਵਿੱਚ ਤਨਾਅ ਦਾ ਮਾਹੌਲ ਬਣ ਗਿਆ ਸੀ ਅਤੇ ਪਰਿਵਾਰ ਨੂੰ ਇਨਸਾਫ ਲਈ ਸਠਿਆਲੀ ਪੁਲ ਉੱਪਰ ਲੰਮੇ ਸਮੇਂ ਲਈ ਕੁਲਵਿੰਦਰ ਸਿੰਘ ਬਿੱਟੂ ਦੀ ਲਾਸ਼ ਰੱਖ ਕੇ ਧਰਨਾ ਦੇਣ ਲਈ ਵੀ ਮਜਬੂਰ ਹੋਣਾ ਪਿਆ ਸੀ ।ਪਰਿਵਾਰ ਵੱਲੋਂ ਪੁਲਿਸ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਕੁਲਵਿੰਦਰ ਸਿੰਘ ਬਿੱਟੂ ਦੇ ਕਤਲ ਵਿੱਚ ਨਾਮਜੱਦ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮਾਮਲੇ ਵਿੱਚ ਇੱਕ ਮਸ਼ਹੂਰ ਰਾਜਨੀਤਿਕ ਹਸਤੀ ਦਾ ਨਾਮ ਵੀ ਆ ਰਿਹਾ ਸੀ। ਲੋਕਾਂ ਦੇ ਭਾਰੀ ਦਬਾਅ ਅਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਪੁਲਿਸ ਨੇ 23 ਮਈ ਦੀ ਦੇਰ ਰਾਤ ਨੂੰ ਅੱਠ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਬਾਅਦ ਵਿੱਚ ਦੋ ਹੋਰ ਔਰਤਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ ਪਰਿਵਾਰ ਵੱਲੋਂ ਲਗਾਤਾਰ ਕੁਲਵਿੰਦਰ ਸਿੰਘ ਬਿੱਟੂ ਦੀ ਮਿਰਤਕ ਦੇਹ ਨੂੰ ਘਰ ਵਿੱਚ ਰੱਖ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਸੀ ਪਰ ਪੁਲਿਸ ਅਧਿਕਾਰੀਆਂ ਕਿਸਾਨ ਆਗੂਆਂ ਅਤੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਅੱਜ ਤਿੰਨ ਦਿਨ ਬਾਅਦ ਕੁਲਵਿੰਦਰ ਸਿੰਘ ਦਾ ਕਾਹਨੂੰਵਾਨ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਇਲਾਕੇ ਦੇ ਲੋਕਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਵਰਕਰ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਨਜ਼ਦੀਕੀਆਂ ਅਤੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮਿਲੇ ਭਰੋਸੇ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਤੇ ਦੋ ਹੋਰ ਔਰਤਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਵਿੱਚ ਕੋਈ ਢਿੱਲ ਮੱਠ ਦਿਖਾਈ ਤਾਂ ਧਰਨੇ ਦਾ ਫਿਰ ਤੋਂ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ।
- Download Babushahi App
-
-