ਮੀਡੀਆ ਵੱਲੋਂ ਮਿਲੇ ਵੱਡੇ ਸਮਰਥਨ ਨੇ ਸੰਘਰਸ਼ ਦੇ ਦੂਜੇ ਦਿਨ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਕਰ ਦਿੱਤੇ - ਪ੍ਰਧਾਨ ਅਰੁਣ ਗਿੱਲ
ਬਾਬੂਸ਼ਾਹੀ ਬਿਊਰੋ
ਜਗਰਾਉਂ 07 ਮਈ (ਦੀਪਕ ਜੈਨ) ਪੰਜਾਬ ਭਰ ਦੇ ਸਫਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਅਤੇ ਮਿਊਸੀਪਲ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ 06 ਮਈ ਤੋਂ ਸ਼ੁਰੂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਦੂਸਰੇ ਦਿਨ ਹੋਰ ਭਖਦੀ ਨਜ਼ਰ ਆਈ। ਇਸ ਸੰਘਰਸ਼ ਨੂੰ ਮੀਡੀਆ ਵੱਲੋਂ ਮਿਲੇ ਵੱਡੇ ਸਮਰਥਨ ਨੇ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਸਾਲਾਂ ਤੋਂ ਸਫਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਨਾਲ ਧੱਕੇਸ਼ਾਹੀ ਕਰਦੀ ਆ ਰਹੀ ਹੈ। ਨਾ ਤਾਂ ਪੱਕੀ ਭਰਤੀ ਕੀਤੀ ਜਾ ਰਹੀ ਹੈ, ਨਾ ਹੀ ਤਨਖਾਹਾਂ ਅਤੇ ਹੋਰ ਬੁਨਿਆਦੀ ਹੱਕ ਸਮੇਂ ਸਿਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਇਹਨਾਂ ਮਿਹਨਤੀ ਕਾਮਿਆਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੱਕ ਹਰ ਪਾਸੇ ਇਸ ਸੰਘਰਸ਼ ਦੀ ਗੂੰਜ ਸੁਣਾਈ ਦੇ ਰਹੀ ਹੈ। ਮੀਡੀਆ ਨੇ ਸਫਾਈ ਸੇਵਕਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਕੇ ਸੰਘਰਸ਼ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਇਸ ਨਾਲ ਪੰਜਾਬ ਭਰ ਦੇ ਸਮੂਹ ਸਫਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਵਿੱਚ ਆਪਣੀਆਂ ਮੰਗਾਂ ਦੇ ਜਲਦੀ ਹੱਲ ਦੀ ਨਵੀਂ ਉਮੀਦ ਜਗੀ ਹੈ।
ਅਰੁਣ ਗਿੱਲ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਅੰਦਰ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਕਈ ਆਗੂ ਵੀ ਸਰਕਾਰ ‘ਤੇ ਦਬਾਅ ਬਣਾਉਣ ਲਈ ਮੈਦਾਨ ਵਿੱਚ ਉਤਰ ਆਏ ਹਨ ਅਤੇ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਵਾਉਣ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਮੰਗਾਂ ਦਾ ਠੋਸ ਹੱਲ ਨਹੀਂ ਹੁੰਦਾ, ਹੜਤਾਲ ਅਤੇ ਧਰਨੇ ਜਾਰੀ ਰਹਿਣਗੇ।
ਅੱਜ ਦੇ ਧਰਨੇ ਨੂੰ ਕਮਲਜੀਤ ਖੰਨਾ, ਪੁਰਸ਼ੋਤਮ ਲਾਲ ਖਲੀਫਾ, ਪਰਮਜੀਤ ਸਿੰਘ ਰਿੰਪੀ ਲੱਧੜ, ਕੁਲਵੰਤ ਸਿੰਘ ਸਹੋਤਾ, ਰਾਜ ਕੁਮਾਰ, ਸੰਤੋਖ ਰਾਮ ਅਤੇ ਅਰੁਣ ਗਿੱਲ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
- Download Babushahi App
-
-