ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਕਾਰਜਪ੍ਰਣਾਲੀ ’ਤੇ ਸਵਾਲ: ਅਟਲ ਅਪਾਰਟਮੈਂਟ ਦੇ ਬਿਨੈਕਾਰਾਂ ਤੋਂ ਮੂਲ ਰਸੀਦਾਂ ਲਈਆਂ, ਪਰ ‘ਰਿਸੀਵਿੰਗ’ ਦੇਣ ਤੋਂ ਪਾਸਾ ਵੱਟਿਆ
ਸੁਖਮਿੰਦਰ ਭੰਗੂ
ਲੁਧਿਆਣਾ 21 ਅਪ੍ਰੈਲ 2026
ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਇਸ ਵਾਰ ਮਾਮਲਾ ‘ਅਟਲ ਅਪਾਰਟਮੈਂਟਸ’ ਸਕੀਮ ਦੇ ਫਲੈਟਾਂ ਦੀ ਅਲਾਟਮੈਂਟ ਨਾ ਹੋਣ ਤੋਂ ਬਾਅਦ ਲੋਕਾਂ ਦੇ ਪੈਸੇ ਵਾਪਸ (ਰਿਫੰਡ) ਕਰਨ ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਬਿਨੈਕਾਰਾਂ ਨੇ ਦੋਸ਼ ਲਾਇਆ ਹੈ ਕਿ ਟਰੱਸਟ ਦੇ ਕਰਮਚਾਰੀ ਲੱਖਾਂ ਰੁਪਏ ਦੀਆਂ ਮੂਲ ਰਸੀਦਾਂ ਜਮ੍ਹਾ ਕਰਵਾਉਣ ਦੇ ਬਾਵਜੂਦ ਕੋਈ ਅਧਿਕਾਰਤ ਪਹੁੰਚ ਰਸੀਦ (ਰਿਸੀਵਿੰਗ) ਦੇਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਹੈ।
ਕੀ ਹੈ ਪੂਰਾ ਮਾਮਲਾ?
ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ MIG ਫਲੈਟ ਲਈ ਅਪਲਾਈ ਕੀਤਾ ਸੀ, ਪਰ ਡਰਾਅ ਵਿੱਚ ਨਾਮ ਨਾ ਆਉਣ ਕਾਰਨ ਉਹ ਰਿਫੰਡ ਲੈਣ ਲਈ ਟਰੱਸਟ ਦੇ ਦਫ਼ਤਰ ਪਹੁੰਚੇ। ਉਨ੍ਹਾਂ ਮੁਤਾਬਕ, ਜਦੋਂ ਉਹ ਰਿਫੰਡ ਫਾਰਮ ਅਤੇ ਮੂਲ ਰਸੀਦ ਜਮ੍ਹਾ ਕਰਵਾਉਣ ਲੱਗੇ ਤਾਂ ਕਰਮਚਾਰੀਆਂ ਨੇ ਰਸੀਦ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।ਅਰਵਿੰਦ ਸ਼ਰਮਾ ਨੇ ਦੱਸਿਆ ਕਿ "₹1,90,000 ਅਤੇ ₹2,45,000 ਵਰਗੀ ਵੱਡੀ ਰਕਮ ਦੇ ਅਸਲ ਦਸਤਾਵੇਜ਼ ਬਿਨਾਂ ਕਿਸੇ ਲਿਖਤੀ ਸਬੂਤ ਦੇ ਜਮ੍ਹਾ ਕਰਵਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜੇਕਰ ਭਵਿੱਖ ਵਿੱਚ ਦਸਤਾਵੇਜ਼ ਗੁੰਮ ਹੋ ਜਾਂਦੇ ਹਨ, ਤਾਂ ਬਿਨੈਕਾਰ ਕੋਲ ਕੋਈ ਸਬੂਤ ਨਹੀਂ ਹੋਵੇਗਾ।"
ਹੋਰ ਬਿਨੈਕਾਰ ਵੀ ਪ੍ਰੇਸ਼ਾਨ
ਸਿਰਫ਼ ਅਰਵਿੰਦ ਸ਼ਰਮਾ ਹੀ ਨਹੀਂ, ਬਲਕਿ ਪ੍ਰਦੀਪ ਵਾਲੀਆ ਸਮੇਤ ਕਈ ਹੋਰ ਲੋਕਾਂ ਨੇ ਵੀ ਇਸੇ ਤਰ੍ਹਾਂ ਦੀ ਦੁੱਖ ਤਕਲੀਫ਼ ਸਾਂਝੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਬੀ ਜੱਦੋ-ਜਹਿਦ ਤੋਂ ਬਾਅਦ ਕੁਝ ਲੋਕਾਂ ਨੂੰ ਤਾਂ ਮੋਹਰ ਲੱਗੀ ਰਸੀਦ ਮਿਲ ਗਈ, ਪਰ ਬਹੁਤੇ ਲੋਕਾਂ ਨੂੰ ਬਿਨਾਂ ਕਿਸੇ ਸਬੂਤ ਦੇ ਹੀ ਖਾਲੀ ਹੱਥ ਮੋੜ ਦਿੱਤਾ ਗਿਆ।
ਮੁੱਖ ਮੰਤਰੀ ਪੰਜਾਬ ਨੂੰ ਭੇਜੀ ਸ਼ਿਕਾਇਤ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੀੜਤਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਇੰਪਰੂਵਮੈਂਟ ਟਰੱਸਟ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਰਿਸੀਵਿੰਗ ਲਾਜ਼ਮੀ ਕੀਤੀ ਜਾਵੇ: ਹਰ ਬਿਨੈਕਾਰ ਨੂੰ ਦਸਤਾਵੇਜ਼ ਜਮ੍ਹਾ ਕਰਨ ਵੇਲੇ ਪੁਖਤਾ ਰਸੀਦ ਦਿੱਤੀ ਜਾਵੇ। ਸਮਾਂ ਸੀਮਾ ਤੈਅ ਹੋਵੇ: ਰਿਫੰਡ ਕਿੰਨੇ ਦਿਨਾਂ ਵਿੱਚ ਮਿਲੇਗਾ, ਇਸ ਦੀ ਜਾਣਕਾਰੀ ਬੋਰਡ ’ਤੇ ਲਗਾਈ ਜਾਵੇ। ਪਾਰਦਰਸ਼ਤਾ: ਕਰਮਚਾਰੀਆਂ ਦਾ ਵਤੀਰਾ ਜਨਤਾ ਪ੍ਰਤੀ ਸਹਿਯੋਗਪੂਰਨ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਲਾਪਰਵਾਹੀ ’ਤੇ ਕੀ ਕਾਰਵਾਈ ਕਰਦਾ ਹੈ ਅਤੇ ਆਮ ਲੋਕਾਂ ਦੀ ਖੱਜਲ-ਖੁਆਰੀ ਕਦੋਂ ਖ਼ਤਮ ਹੁੰਦੀ ਹੈ।
ਇਸ ਬਾਰੇ ਜਦੋਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਈਓ ਚਾਹਲ ਨੇ ਦੱਸਿਆ ਕਿ ਅਸੀਂ ਤਕਰੀਬਨ 500 ਤੋਂ 600 ਬਿਨੈਕਾਰਾਂ ਦੇ ਰਿਫੰਡ ਭੇਜ ਚੁੱਕੇ ਹਾਂ ਤੇ ਦੂਸਰਾ ਹੋਰ ਵੀ ਬਾਕੀ ਬਿਨੈਕਾਰਾਂ ਦੇ ਰਿਫੰਡ ਜਲਦੀ ਹੀ ਡ੍ਰਾਫਟ ਬਣ ਕੇ ਬਿਨੈਕਾਰਾਂ ਦੇ ਖਾਤੇ ਵਿੱਚ ਜਮਾ ਹੋ ਜਾਣਗੇ ।
Click to Follow Babushahi Facebook Page →