ਇਨਕਲਾਬੀ ਜਮਹੂਰੀ ਆਗੂ ਐਨ ਕੇ ਜੀਤ ਸ਼ਰਧਾਂਜਲੀ ਸਮਾਗਮ 29 ਅਪ੍ਰੈਲ ਨੂੰ
ਹੁਸੈਨੀਵਾਲਾ ਬਾਰਡਰ 'ਤੇ ਅਸਥੀਆਂ ਜਲ ਪ੍ਰਵਾਹ 26 ਅਪ੍ਰੈਲ ਨੂੰ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2026 : ਇਨਕਲਾਬੀ ਜਮਹੂਰੀ ਲਹਿਰ ਦੇ ਕਾਫ਼ਲੇ 'ਚੋਂ ਵਿਛੜ ਗਏ ਸੰਗਰਾਮੀਏ ਸਾਥੀ ਐਨ ਕੇ ਜੀਤ ਦੀ ਜੁਝਾਰੂ ਘਾਲਣਾ ਤੇ ਇਨਕਲਾਬ ਕਰਨੀ ਨੂੰ ਸਿਜਦਾ ਕਰਨ ਲਈ 29 ਅਪ੍ਰੈਲ, ਬੁੱਧਵਾਰ ਨੂੰ ਬਠਿੰਡਾ ਵਿਖੇ ਵਿਸ਼ਾਲ ਜਨਤਕ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਨੂੰ ਪੰਜਾਬ ਦੀਆਂ ਉੱਘੀਆਂ ਜਨਤਕ ਸ਼ਖਸ਼ੀਅਤਾਂ ਦੇ ਆਧਾਰ 'ਤੇ ਬਣਾਈ ਕਮੇਟੀ ਵੱਲੋਂ ਜਥੇਬੰਦ ਕੀਤਾ ਜਾ ਰਿਹਾ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਕਨਵੀਨਰ ਪਾਵੇਲ ਕੁੱਸਾ ਨੇ ਦੱਸਿਆ ਕਿ ਸਾਥੀ ਦੀਆਂ ਅਸਥੀਆਂ ਨੂੰ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਕਾਫ਼ਲੇ ਦੇ ਸੰਗੀਆਂ ਵੱਲੋਂ 26 ਅਪ੍ਰੈਲ ਨੂੰ ਹੁਸੈਨੀਵਾਲਾ ਬਾਰਡਰ 'ਤੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਾਥੀ ਐਨ ਕੇ ਜੀਤ ਦੀ ਪੰਜ ਦਹਾਕੇ ਦੀ ਇਨਕਲਾਬੀ ਜਨਤਕ ਸਰਗਰਮੀ ਦਾ ਘੇਰਾ ਬਹੁਤ ਵਸੀਹ ਹੈ। ਉਹਨਾਂ ਦੀਆਂ ਸਰਗਰਮੀਆਂ ਦੇ ਖੇਤਰ ਜਮਹੂਰੀ ਹੱਕਾਂ ਦੀ ਲਹਿਰ ਤੋਂ ਲੈ ਕੇ ਇਨਕਲਾਬੀ ਟਰੇਡ ਯੂਨੀਅਨ ਸੰਘਰਸ਼ਾਂ, ਲੋਕਾਂ ਸਾਹਮਣੇ ਮੌਜੂਦਾ ਲੁਟੇਰੇ ਰਾਜ ਪ੍ਰਬੰਧ ਦਾ ਇਨਕਲਾਬੀ ਬਦਲ ਉਭਰਨ ਦੇ ਕਾਰਜਾਂ ਤੋਂ ਲੈ ਕੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ 'ਚ ਨਿਡਰ ਤੇ ਧੜੱਲੇਦਾਰ ਵਕੀਲ ਵਜੋਂ ਸੇਵਾਵਾਂ ਦੇਣ ਤੱਕ ਫੈਲੇ ਹੋਏ ਹਨ। ਜਨਤਕ ਲਹਿਰ ਅੰਦਰ ਇਸ ਲੰਮੇ ਨਿਭਾਅ ਲਈ ਕਮਿਊਨਿਸਟ ਵਿਗਿਆਨਕ ਵਿਚਾਰਧਾਰਾ 'ਚ ਉਹਨਾਂ ਦਾ ਅਟੱਲ ਭਰੋਸਾ ਅਤੇ ਇਸ ਵਿਚਾਰਧਾਰਾ ਨੂੰ ਪ੍ਰਣਾਏ ਕਮਿਊਨਿਸਟ ਇਨਕਲਾਬੀਆਂ ਅੰਦਰਲੇ ਸਹੀ ਰੁਝਾਨ ਨਾਲ ਖੜ੍ਹਨ ਦੀ ਤਾਕਤ ਸੀ। ਇਸ ਤਾਕਤ ਅਤੇ ਲੋਕਾਂ ਦੇ ਕਾਜ਼ ਨਾਲ ਪੱਕੀ ਵਫਾਦਾਰੀ ਤੇ ਸਮਰਪਣ ਦੀ ਭਾਵਨਾ ਕਾਰਨ ਉਹ ਥਿੜਕਣਾਂ ਦੇ ਸਭਨਾਂ ਦੌਰਾਂ ਅੰਦਰ ਵੀ ਸਾਬਤ ਕਦਮੀ ਖੜ੍ਹੇ ਰਹਿ ਸਕੇ। ਉਨ੍ਹਾਂ ਦੱਸਿਆ ਕਿ ਹਕੂਮਤੀ ਜਬਰ ਅਤੇ ਫਿਰਕੂ ਦਹਿਸ਼ਤਗਰਦੀ ਦੇ ਦੌਰ ਅੰਦਰ ਬੇਖੌਫ ਹੋ ਕੇ ਗੂੰਜਦੀਆਂ ਧੜੱਲੇਦਾਰ ਲੋਕ ਪੱਖੀ ਆਵਾਜ਼ਾਂ ਚ ਸ਼ੁਮਾਰ ਰਹੇ।ਉਹਨਾਂ ਕਿਹਾ ਕਿ ਇਹ ਸਮਾਗਮ ਲੋਕਾਂ ਦੇ ਕਾਜ਼ ਲਈ ਸਦਾ ਸਰਗਰਮ ਸਾਥੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਤੇ ਲੋਕ ਮੁਕਤੀ ਦੇ ਕਾਜ਼ ਲਈ ਜੂਝਣ ਦੇ ਇਰਾਦੇ ਹੋਰ ਦ੍ਰਿੜ ਕਰਨ ਦਾ ਸੰਦੇਸ਼ ਦੇਵੇਗਾ। ਉਹਨਾਂ ਦੱਸਿਆ ਕਿ ਪੰਜਾਬ ਦੀਆਂ ਵੱਖ ਵੱਖ ਤਬਕਾਤੀ ਲੋਕ ਜਥੇਬੰਦੀਆਂ ਤੇ ਇਨਕਲਾਬੀ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਿਲ ਹੋਣਗੇ। ਸਾਥੀ ਐਨ ਕੇ ਜੀਤ ਸ਼ਰਧਾਂਜਲੀ ਸਮਾਗਮ ਕਮੇਟੀ 'ਚ ਝੰਡਾ ਸਿੰਘ ਜੇਠੂਕੇ, ਡਾ.ਪਰਮਿੰਦਰ ਸਿੰਘ, ਯਸ਼ਪਾਲ, ਜਗਮੇਲ ਸਿੰਘ, ਗੁਰਦੀਪ ਮਲੋਟ ਤੇ ਰਜਨੀਸ਼ ਰਾਣਾ (ਸਪੁੱਤਰ) ਸ਼ਾਮਿਲ ਹਨ।
Click to Follow Babushahi Facebook page →