ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ‘ਪੁਸਤਕ ਸਿਮਰਦਿਆਂ’ ਸਮਾਗਮ ਦੌਰਾਨ ਰੇਖਾ ਭਾਟੀਆ ਦੀ ਪੁਸਤਕ ’ਤੇ ਵਿਚਾਰ ਚਰਚਾ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2026 : ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੰਜਾਬੀ ਵਿਭਾਗ, ਐੱਸ.ਐੱਸ.ਡੀ. ਕਾਲਜ, ਬਠਿੰਡਾ (ਲੜਕੀਆਂ) ਦੇ ਸਹਿਯੋਗ ਨਾਲ ਸਮਾਗਮ ‘ਪੁਸਤਕ ਸਿਮਰਦਿਆਂ’ ਕਰਵਾਇਆ ਗਿਆ। ਐੱਸ.ਐੱਸ.ਡੀ. ਕਾਲਜ, ਬਠਿੰਡਾ (ਲੜਕੀਆਂ) ਵਿਖੇ ਕਰਵਾਏ ਇਸ ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਡਾ. ਅਮਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਘੁੱਦਾ, (ਬਠਿੰਡਾ) ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਨੇ ਕੀਤੀ।
ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਛਾਪੇ ਅਣਮੁੱਲੇ ਸਾਹਿਤ ਨਾਲ ਜੋੜਨ ਦੇ ਉੱਦਮ ਕਰਦਾ ਰਹਿੰਦਾ ਹੈ ਅਤੇ ਇਹ ਸਮਾਗਮ ਵੀ ਉਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਉੱਦਮ ਅਜੋਕੇ ਸਮੇਂ ਦੇ ਵਿਦਿਆਰਥੀਆਂ ਰੀਲ ਵਾਲੀ ਜ਼ਿੰਦਗੀ ਤੋਂ ਰੀਅਲ ਵੱਲ ਲਿਜਾਣ ਵਿੱਚ ਸਹਾਈ ਸਿੱਧ ਹੋਣਗੇ।ਕਾਲਜ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਗੁਰਸ਼ਰਨ ਕੌਰ, ਤਨਵੀਰ ਕੌਰ ਸਰਾਂ, ਯਾਦਵੀ, ਜੀਵਿਕਾ ਅਤੇ ਮਹਿਕਦੀਪ ਕੌਰ ਨੇ ਰੇਖਾ ਭਾਟੀਆ ਦੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਅਨੁਵਾਦਿਤ ਪੁਸਤਕ ‘ਇਕ ਕੋਸ਼ਿਸ਼ ਧਰਤੀ ਦੇ ਸਿਰੇ ’ਤੇ’ ਬਾਰੇ ਆਪਣਾ ਖੋਜ-ਪੱਤਰ ਪੜ੍ਹਿਆ। ਇਨ੍ਹਾਂ ਖੋਜ-ਪੱਤਰਾਂ ਦਾ ਮੁਲਾਂਕਣ ਕਰਦੇ ਹੋਏ ਡਾ. ਅਮਨਦੀਪ ਸਿੰਘ ਨੇ ਨਤੀਜੇ ਵਜੋਂ ਤਨਵੀਰ ਕੌਰ ਸਰਾਂ ਨੂੰ ਪਹਿਲਾ ਅਤੇ ਗੁਰਸ਼ਰਨ ਕੌਰ ਨੂੰ ਦੂਜਾ ਸਥਾਨ ’ਤੇ ਐਲਾਨਿਆ।
ਇਸ ਮੌਕੇ ਡਾ. ਅਮਨਦੀਪ ਨੇ ਕਿਹਾ ਕਿ ਰੇਖਾ ਭਾਟੀਆ ਨੇ ਆਪਣੀ ਇਸ ਕਿਤਾਬ ਵਿੱਚ ਪੰਜਾਬੀ ਲੋਕਾਂ ਵੱਲੋਂ ਅੰਡੇਮਾਨ ਅਤੇ ਨਿੱਕੋਬਾਰ ਦੀਪਾਂ ਦੀ ਮੁੜ-ਵਸੇਬੇ ਰਾਹੀਂ ਦਿੱਖ ਬਦਲ ਕੇ ਰੱਖ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਦੇ ਸਿਦਕ ਅਤੇ ਭਾਈਚਾਰਕ ਸਾਂਝ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸਤਨਾਮ ਸਿੰਘ ਜੱਸਲ ਨੇ ਇਸ ਸਮਾਗਮ ਨੂੰ ਸਫ਼ਲ ਦੱਸਦੇ ਹੋਏ ਕਿਹਾ ਕਿ ਇਹ ਕਿਤਾਬ ਇੱਕ ਅਣਮੁੱਲਾ ਦਸਤਾਵੇਜ਼ ਹੈ ਜਿਸ ਉੱਪਰ ਰੇਖਾ ਭਾਟੀਆ ਵੱਲੋਂ ਕੀਤੀ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਇਹ ਵੀ ਕਿ ਕਿਤਾਬ ਪੜ੍ਹਦੇ ਹੋਏ ਪਾਠਕ ਆਪਣੇ ਆਪ ਨੂੰ ਅੰਡੇਮਾਨ ਦੇ ਲੋਕਾਂ ਦੀ ਦੁਨੀਆਂ ਵਿੱਚ ਗੁਆਚਣ ਤੋਂ ਨਹੀਂ ਰੋਕ ਸਕਦਾ।
ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਵਾਲੇ ਅਜਿਹੇ ਸਾਰਥਕ ਸਮਾਗਮ ਭਵਿੱਖ ਵਿੱਚ ਵੀ ਕਾਲਜ ਦੇ ਵਿਹੜੇ ਹੁੰਦੇ ਰਹਿਣਗੇ। ਮੰਚ-ਸੰਚਾਲਣ ਪ੍ਰੋਫੈਸਰ ਗੁਰਮਿੰਦਰਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਸੁਖਮਨ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੌਰਾਨ ਨਵਪ੍ਰੀਤ ਸਿੰਘ, ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ, ਭਾਰਤੀ ਫੌਜ ਤੋਂ ਕਰਨਲ ਦਇਆ ਸਿੰਘ, ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸਿਮਰਜੀਤ ਕੌਰ ਤੋਂ ਇਲਾਵਾ ਵਿਭਾਗ ਦਾ ਸਮੂਹ ਸਟਾਫ਼ ਮੌਜੂਦ ਰਿਹਾ।
Click to Follow Babushahi Facebook Page →