ਚਰਨ ਗੰਗਾ ਸਟੇਡੀਅਮ ਵਿੱਚ ਪ੍ਰੀਮੀਅਰ ਲੀਗ ਦੀਆਂ ਤਿਆਰੀਆਂ ਦਾ ਹਰਜੋਤ ਬੈਂਸ ਵੱਲੋਂ ਜਾਇਜ਼ਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 20 ਅਪ੍ਰੈਲ,2026
ਸ.ਹਰਜੋਤ ਸਿੰਘ ਬੈਂਸ ਨੇ ਚਰਨ ਗੰਗਾ ਸਟੇਡੀਅਮ ਵਿਖੇ ਆਉਣ ਵਾਲੀ ਪ੍ਰੀਮੀਅਰ ਲੀਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਪਹਿਲੀ ਵਾਰ ਇੰਨੀ ਵੱਡੇ ਪੱਧਰ ‘ਤੇ ਪ੍ਰੀਮੀਅਰ ਲੀਗ ਕਰਵਾਈ ਜਾ ਰਹੀ ਹੈ, ਜੋ ਖੇਤਰ ਵਿੱਚ ਖੇਡ ਸੰਸਕਾਰ ਨੂੰ ਨਵਾਂ ਮੁਕਾਮ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 27 ਅਪ੍ਰੈਲ ਨੂੰ ਪ੍ਰਮੁੱਖ ਖੇਡ ਹਸਤੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਣਗੇ ਅਤੇ 3 ਮਈ ਨੂੰ ਫਾਈਨਲ ਮੁਕਾਬਲਿਆਂ ਨਾਲ ਸੰਪੰਨ ਹੋਣਗੇ।
ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੀਗ ਦੀ ਵਿਸ਼ੇਸ਼ਤਾ ਇਹ ਹੈ ਕਿ ਹਲਕੇ ਦੇ ਹਰ ਪਿੰਡ, ਵਾਰਡ ਅਤੇ ਮੁਹੱਲੇ ਦੀਆਂ ਟੀਮਾਂ ਇਸ ਵਿੱਚ ਭਾਗ ਲੈ ਸਕਦੀਆਂ ਹਨ। ਜਿਨ੍ਹਾਂ ਪਿੰਡਾਂ ਦੀ ਆਬਾਦੀ ਹਜ਼ਾਰ ਤੋਂ ਵੱਧ ਹੈ, ਉੱਥੇ ਦੋ ਟੀਮਾਂ ਨੂੰ ਹਿੱਸਾ ਲੈਣ ਦੀ ਆਗਿਆ ਹੋਵੇਗੀ, ਜਦਕਿ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਰਗੇ ਸ਼ਹਿਰਾਂ ਵਿੱਚ ਵਾਰਡ ਅਤੇ ਮੁਹੱਲਾ ਅਧਾਰਿਤ ਟੀਮਾਂ ਬਣਾਈਆਂ ਜਾਣਗੀਆਂ। ਹਰ ਟੀਮ ਨੂੰ ਆਪਣਾ ਵਿਲੱਖਣ ਨਾਮ ਰੱਖਣ ਦਾ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਖਿਡਾਰੀਆਂ ਵਿੱਚ ਜੋਸ਼ ਅਤੇ ਮੁਕਾਬਲੇ ਦੀ ਭਾਵਨਾ ਹੋਰ ਵਧੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੀਆਂ ਟੀਮਾਂ ਨੂੰ ਖਾਸ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਹਰ ਟੀਮ ਨੂੰ ਜਰਸੀ ਮੁਹੱਈਆ ਕਰਵਾਈ ਜਾਵੇਗੀ ਅਤੇ ਹਰ ਖਿਡਾਰੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੀਮਾਂ ਨੂੰ ਕ੍ਰਿਕਟ ਕਿੱਟ, ਦੋ ਬੈਟ, ਵਿਕਟਾਂ ਅਤੇ ਗੇਂਦਾਂ ਦਾ ਸੈੱਟ ਵੀ ਦਿੱਤਾ ਜਾਵੇਗਾ। ਇਹ ਉਪਰਾਲਾ ਸਿਰਫ ਖੇਡਾਂ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਇੱਕ ਮਜ਼ਬੂਤ ਕਦਮ ਹੈ। ਇਸ ਦੌਰਾਨ ਮੰਤਰੀ ਨੇ ਨੌਜਵਾਨਾਂ ਨਾਲ ਵਿਚਾਰ-ਚਰਚਾ ਵੀ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਪ੍ਰਤੀਯੋਗਿਤਾ ਵਿੱਚ ਜੇਤੂਆਂ ਲਈ ਆਕਰਸ਼ਕ ਇਨਾਮ ਰੱਖੇ ਗਏ ਹਨ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 1.50 ਲੱਖ ਰੁਪਏ ਨਗਦ ਇਨਾਮ ਦੇ ਨਾਲ ਉਸਦੇ ਪਿੰਡ ਨੂੰ 10 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਦੂਜੇ ਸਥਾਨ ਲਈ 1 ਲੱਖ ਰੁਪਏ ਅਤੇ ਪਿੰਡ ਲਈ 5 ਲੱਖ ਰੁਪਏ ਦੀ ਗ੍ਰਾਂਟ, ਜਦਕਿ ਤੀਜੇ ਸਥਾਨ ਲਈ 2.50 ਲੱਖ ਰੁਪਏ ਦੀ ਗ੍ਰਾਂਟ ਰੱਖੀ ਗਈ ਹੈ। ਇਸ ਤੋਂ ਇਲਾਵਾ ਮੈਨ ਆਫ ਦ ਟੂਰਨਾਮੈਂਟ ਨੂੰ 50 ਹਜ਼ਾਰ ਰੁਪਏ ਅਤੇ ਬੈਸਟ ਬੈਟਸਮੈਨ ਤੇ ਬੈਸਟ ਬਾਲਰ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਹ ਟੂਰਨਾਮੈਂਟ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਕਾਹੀਵਾਲ ਵਿੱਚ ਕਰਵਾਇਆ ਜਾਵੇਗਾ, ਜਿਸ ਨਾਲ ਖੇਤਰ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਮਦਦ ਮਿਲੇਗੀ।
Click to Follow Babushahi Facebook Page →