ਨਮ ਅੱਖਾਂ ਨਾਲ ਦਿੱਤੀ ਗਈ ਮ੍ਰਿਤਕਾਂ ਨੂੰ ਅੰਤਿਮ ਵਿਦਾਇਗੀ, ਸੀਐੱਮ ਮਾਨ ਨੇ ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ
ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ
ਇੱਕ ਹੋਰ ਲਾਪਤਾ ਸ਼ਰਧਾਲੂ (ਮਾਣਿਕ ਟੰਡਨ) ਦੀ ਮ੍ਰਿਤਕ ਦੇਹ ਬਰਾਮਦ, 4 ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਜਾਰੀ
ਦੀਪਕ ਜੈਨ
ਜਗਰਾਉਂ, 11 ਅਪ੍ਰੈਲ 2026 : ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿਖੇ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਗਰਾਉਂ ਦੇ ਸ਼ਰਧਾਲੂਆਂ ਦਾ ਅੱਜ ਸਥਾਨਕ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਬੇਹੱਦ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ 'ਤੇ ਜਗਰਾਉਂ ਪੁੱਜੇ।
ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ 'ਆਪ' ਆਗੂ ਗੋਪੀ ਸ਼ਰਮਾ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ। ਸ਼ਮਸ਼ਾਨਘਾਟ ਵਿਖੇ ਜਦੋਂ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਸਨ, ਤਾਂ ਉੱਥੇ ਮੌਜੂਦ ਹਜ਼ਾਰਾਂ ਸ਼ਹਿਰ ਵਾਸੀਆਂ ਦੀਆਂ ਅੱਖਾਂ ਛਲਕ ਪਈਆਂ ਅਤੇ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਇੱਕੋ ਪਰਿਵਾਰ ਨਾਲ ਸਬੰਧਤ ਸਨ ਸ਼ਰਧਾਲੂ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸ਼ਰਧਾਲੂ ਇੱਕੋ ਪਰਿਵਾਰ ਅਤੇ ਰਿਸ਼ਤੇਦਾਰੀ ਨਾਲ ਸਬੰਧਤ ਸਨ, ਜੋ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹਰ ਸਾਲ ਵ੍ਰਿੰਦਾਵਨ ਦੇ ਦਰਸ਼ਨਾਂ ਲਈ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਜਗਰਾਉਂ ਨਾਲ ਸਬੰਧਤ 10 ਸ਼ਰਧਾਲੂ ਸ਼ਿਕਾਰ ਹੋਏ ਸਨ। ਜਿਨ੍ਹਾਂ ਵਿੱਚੋਂ ਕਵਿਤਾ ਬਹਿਲ, ਉਨ੍ਹਾਂ ਦਾ ਪੁੱਤਰ ਮਧੁਰ ਬਹਿਲ, ਚਰਨਜੀਤ ਸਿੰਘ, ਉਨ੍ਹਾਂ ਦੀ ਪਤਨੀ ਪਿੰਕੀ ਅਤੇ ਨੌਜਵਾਨ ਈਸ਼ਾਨ ਕਟਾਰੀਆ ਦੀ ਮੌਤ ਹੋਣ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਸੀ।
ਮਾਣਿਕ ਟੰਡਨ ਦੀ ਮ੍ਰਿਤਕ ਦੇਹ ਬਰਾਮਦ, 4 ਦੀ ਭਾਲ ਜਾਰੀ
ਮੁੱਖ ਮੰਤਰੀ ਨੇ ਇੱਕ ਤਾਜ਼ਾ ਅਪਡੇਟ ਸਾਂਝੀ ਕਰਦਿਆਂ ਦੱਸਿਆ ਕਿ ਕੱਲ੍ਹ ਤੱਕ 5 ਸ਼ਰਧਾਲੂ ਲਾਪਤਾ ਸਨ, ਪਰ ਪ੍ਰਸ਼ਾਸਨਿਕ ਟੀਮਾਂ ਵੱਲੋਂ ਇੱਕ ਹੋਰ ਨੌਜਵਾਨ ਸ਼ਰਧਾਲੂ 'ਮਾਣਿਕ ਟੰਡਨ' ਦੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 4 ਲਾਪਤਾ ਸ਼ਰਧਾਲੂਆਂ ਦੀ ਭਾਲ ਲਈ ਗੋਤਾਖੋਰਾਂ ਅਤੇ ਪ੍ਰਸ਼ਾਸਨ ਵੱਲੋਂ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ।
ਪੰਜਾਬ ਸਰਕਾਰ ਕਰੇਗੀ ਹਰ ਸੰਭਵ ਮਦਦ
ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਜਾਣਕਾਰੀ ਮਿਲੀ, ਉਹ ਤੁਰੰਤ ਯੂਪੀ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੰਪਰਕ ਵਿੱਚ ਆ ਗਏ ਸਨ। ਉਨ੍ਹਾਂ ਕਿਹਾ ਕਿ ਉੱਥੋਂ ਦੇ ਹਾਲਾਤਾਂ ਦੀ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਕਿਹਾ ਕਿ ਫਿਲਹਾਲ ਪਰਿਵਾਰ ਇੱਕ ਬਹੁਤ ਵੱਡੇ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ। ਜਿਵੇਂ ਹੀ ਪਰਿਵਾਰਕ ਮੈਂਬਰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਥਿਤੀ ਵਿੱਚ ਹੋਣਗੇ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਤਾਲਮੇਲ ਕਰਕੇ ਹਰ ਸੰਭਵ ਪ੍ਰਸ਼ਾਸਨਿਕ ਅਤੇ ਮਾਲੀ ਮਦਦ ਯਕੀਨੀ ਬਣਾਈ ਜਾਵੇਗੀ।
Click to Follow Babushahi Facebook Page →