ਦਲ ਖ਼ਾਲਸਾ ਵੱਲੋਂ ਕਰਵਾਏ ਸੈਮੀਨਾਰ ਵਿਚ ਬੇਅਦਬੀ ਦੀਆ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ
ਬਾਬਾ ਬਕਾਲਾ ਸਾਹਿਬ 5 ਅਪ੍ਰੈਲ (ਬਲਰਾਜ ਸਿੰਘ ਰਾਜਾ)
ਦਲ ਖ਼ਾਲਸਾ ਵੱਲੋਂ ਅੱਜ ਸਥਾਨਕ ਕਸਬੇ ਵਿਚ ਆਯੋਜਿਤ ਸੈਮੀਨਾਰ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਅਦਬੀ ਦੀਆਂ ਵਧਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਰਕਾਰ ਵੱਲ ਨਹੀਂ ਸਗੋਂ ਪੰਥ ਨੂੰ ਲਾਮਬੰਦ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ।
ਇਸ ਮੌਕੇ ਬੋਲਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ, “ਜਦੋਂ ਵੀ ਅਸੀਂ ਖ਼ਾਲਸਾਈ ਰਵਾਇਤ ਦਾ ਸਹਾਰਾ ਲੈਣ ਦੀ ਗੱਲ ਕਰਦੇ ਹਾਂ ਤਾਂ ਸਾਡੇ 'ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਦੋਸ਼ ਲਾਇਆ ਜਾਂਦਾ ਹੈ। ਸਾਡੇ ਕੋਲ ਇਸ ਗੱਲ ਦਾ ਬਹੁਤ ਕੌੜਾ ਤਜਰਬਾ ਹੈ ਕਿ ਕਿਵੇਂ ਇਸ ਦੇਸ਼ ਦੀ ਕਾਨੂੰਨ ਪ੍ਰਣਾਲੀ ਨੇ ਅਪ੍ਰੈਲ 1978 ਤੋਂ ਸਿੱਖਾਂ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ, ਜਦੋਂ ਉਸ ਸਮੇਂ ਦੀ ਸਰਕਾਰ ਨੇ ਨਕਲੀ ਨਿਰੰਕਾਰੀਆਂ ਨੂੰ ਉਨ੍ਹਾਂ ਦੀਆਂ ਬੇਅਦਬੀ ਵਾਲੀਆਂ ਕਾਰਵਾਈਆਂ ਲਈ ਸਜ਼ਾ ਦੇਣ ਦੀ ਬਜਾਏ, ਉਨ੍ਹਾਂ ਦਾ ਬਚਾਅ ਕੀਤਾ ਸੀ।"ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਪਰ ਦੁਖਾਂਤ ਇਹ ਹੈ ਕਿ ਮੌਜੂਦਾ ਸਿਸਟਮ ਅਤੇ ਸਥਿਤੀ ਵਿੱਚ, ਸਰਕਾਰਾਂ ਅਤੇ ਪ੍ਰਸ਼ਾਸਨ ਦੀ ਬਦੌਲਤ ਕਾਨੂੰਨ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਸਿੱਖ ਕਾਰਕੁਨ ਨਰਾਇਣ ਸਿੰਘ ਚੌੜਾ ਨੇ ਕਿਹਾ ਕਿ, “ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਹੈ, ਅਤੇ ਮੈਂ ਕਾਨੂੰਨ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦਾ ਹਾਂ। ਮੇਰਾ ਗੁਰੂ ਕਿਸੇ ਵੀ ਸਰਕਾਰੀ ਸੁਰੱਖਿਆ ਜਾਂ ਕਾਨੂੰਨ ਦੇ ਘੇਰੇ ਤੋਂ ਉੱਪਰ ਹੈ, ਸਰਵਉੱਚ ਹੈ।"
ਸਿੱਖ ਕੁਲੈਕਟਿਵ ਦੇ ਕਨਵੀਨਰ ਜਗਮੋਹਨ ਸਿੰਘ ਨੇ ਕਿਹਾ, “ਕਾਨੂੰਨੀ ਪਹੁੰਚ ਅਪਣਾਉਣ ਵੱਲ ਚੁੱਕਿਆ ਕੋਈ ਵੀ ਕਦਮ ਖ਼ਤਰੇ ਨਾਲ ਭਰਿਆ ਹੋਇਆ ਹੈ। ਅਸੀਂ ਪਹਿਲਾਂ ਹੀ ਪਿਛਲੀ ਸਦੀ ਤੋਂ ਗੁਰਦੁਆਰਾ ਕਾਨੂੰਨ ਦੇ ਸਬੰਧ ਵਿੱਚ ਵਿਸ਼ਵਾਸ ਦੇ ਸੰਕਟ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ।”ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ, "ਕਿਸੇ ਨਵੇਂ ਕਾਨੂੰਨ ਵੱਲ ਜਾਣ ਤੋਂ ਪਹਿਲਾਂ, ਸਰਕਾਰ ਪਹਿਲਾਂ ਆਪਣੀ ਇਮਾਨਦਾਰੀ ਅਤੇ ਨਿਰਪੱਖਤਾ ਦਿਖਾਵੇ ਅਤੇ ਅਤੀਤ ਦੀਆਂ ਅਜਿਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਜੋ ਅਜੇ ਵੀ ਅਣਸੁਲਝੀਆਂ ਹਨ, ਨਾਲ ਮੌਜੂਦਾ ਕਾਨੂੰਨਾਂ ਤਹਿਤ ਨਜਿੱਠੇ।"
(ਐੱਸ .ਜੀ.ਪੀ.ਸੀ.) ਮੈਂਬਰ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ, “ਕੋਈ ਭੁਲੇਖਾ ਨਾ ਰੱਖਿਓ, ਕੋਈ ਵੀ ਵਿਅਕਤੀ, ਸਮੂਹ, ਸੰਸਥਾ, ਸਿੱਖ ਜਾਂ ਗੈਰ-ਸਿੱਖ, ਜੋ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦਾ ਅਪਮਾਨ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਖ਼ਾਲਸਾ ਪੰਥ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।"ਮਾਸਟਰ ਕੁਲਵੰਤ ਸਿੰਘ ਫੇਰੂਮਾਨ ਅਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਅਸੀਂ ਇਸ ਸੰਵੇਦਨਸ਼ੀਲ ਮਾਮਲੇ ਨੂੰ ਆਪ ਸਰਕਾਰ ਅਤੇ ਅਕਾਲੀ ਦਲ ਦੀ ਖਿੱਚੋਤਾਣ ਵਾਲੀ ਰਾਜਨੀਤੀ ਦੀ ਬਲੀ ਨਹੀਂ ਚੜ੍ਹਨ ਦਿਆਂਗੇ।
Click to Follow Babushahi Facebook Page →