ਲਾਲੜੂ ਖੇਤਰ ਵਿੱਚ ਜ਼ਿਆਦਾ ਸਮਾਂ ਰਹਿੰਦੀ ਆ ਬੱਤੀ ਫ਼ੌਤ
ਕਈ ਥਾਈ ਤਾਂ 6-6 ਘੰਟੇ ਲੱਗ ਰਹੇ ਨੇ ਕੱਟ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਮਾਰਚ 2026: ਆਪਣੇ ਕਾਰਜਕਾਲ ਦੇ ਆਖਰੀ ਵਰ੍ਹੇ ਦੌਰਾਨ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜ ਗਤੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਪਾਵਰਕਾਮ ਬਿਜਲੀ ਸਪਲਾਈ ਦੇ ਮਾਮਲੇ ਵਿੱਚ ਫੇਲ਼੍ਹ ਹੁੰਦੀ ਨਜ਼ਰ ਆ ਰਹੀ ਹੈ। ਮਾਰਚ ਮਹੀਨੇ ਦੇ ਅੱਧ ਵਿੱਚ ਹੀ ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਕਈ-ਕਈ ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਕੱਟਾਂ ਕਾਰਨ ਆਮ ਲੋਕਾਂ ਦਾ ਰੋਜ਼ਾਨਾ ਜੀਵਨ ਅਸਤ- ਵਿਅਸਤ ਹੋ ਕੇ ਰਹਿ ਗਿਆ ਹੈ। ਬਿਜਲੀ ਦੀ ਘਾਟ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਇਲਾਵਾ ਬੱਚਿਆਂ ਦੀ ਪੜਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਬਿਜਲੀ ਦੇ ਅਣ ਐਲਾਨੇ ਕੱਟਾਂ ਕਾਰਨ ਛੋਟੇ ਉਦਯੋਗ ਅਤੇ ਸਰਕਾਰੀ ਦਫਤਰ ਖਾਸ ਕਰਕੇ ਸੁਵਿਧਾ ਕੇਂਦਰਾਂ ਵਿੱਚ ਕੰਮ ਕਾਜ ਠੱਪ ਹੋ ਕੇ ਰਹਿ ਗਿਆ ਹੈ। ਲੰਘੇ ਕੱਲ ਤਾਂ ਲਾਲੜੂ ਖੇਤਰ ਵਿੱਚ ਰਾਤ ਵੇਲੇ ਕਰੀਬ 6 ਘੰਟੇ ਕੱਟ ਲੱਗਿਆ, ਜਦਕਿ ਸਵੇਰੇ 7 ਵਜੇ ਫਿਰ ਬਿਜਲੀ ਦੀ ਸਪਲਾਈ ਬੰਦ ਹੋ ਗਈ। ਇਸੇ ਤਰ੍ਹਾਂ ਦਾ ਹਾਲ ਖੇਤਾਂ ਵਿੱਚ ਨਜ਼ਰ ਆ ਰਿਹਾ ਹੈ। ਬਿਜਲੀ ਦੀ ਘਾਟ ਕਾਰਨ ਪਿਆਜ਼ ਅਤੇ ਹਰੀਆ ਸਬਜ਼ੀਆਂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਹਰਾ ਚਾਰਾ ਬੀਜਣ ਦੇ ਮਾਮਲੇ ਵਿੱਚ ਪੱਛੜਦੇ ਜਾ ਰਹੇ ਹਨ।
ਲਾਲੜੂ ਪਿੰਡ ਦੇ ਸਾਬਕਾ ਸਰਪੰਚ ਲਾਭ ਸਿੰਘ, ਮਾਰਕਸੀ ਆਗੂ ਕੋਲ ਸਿੰਘ, ਨੰਦ ਕਿਸੋਰ, ਬਲਜੀਤ ਸਿੰਘ, ਪਿੰਡ ਧਰਮਗੜ੍ਹ ਵਾਸੀ ਕਾਂਗਰਸੀ ਆਗੂ ਦਲਜੀਤ ਸਿੰਘ ਲਵਲੀ, ਅਵਤਾਰ ਸਿੰਘ, ਸਰਬਜੀਤ ਸਿੰਘ ਸੱਬਾ, ਅਕਾਲੀ ਆਗੂ ਮਨਪ੍ਰੀਤ ਸਿੰਘ ਮਨੀ ਆਦਿ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਿਜਲੀ ਤੋਂ ਬਿਨ੍ਹਾਂ ਕੁੱਝ ਵੀ ਸੰਭਵ ਨਹੀਂ ਹੈ ਅਤੇ ਜੇਕਰ ਬਿਜਲੀ ਸਪਲਾਈ ਨਹੀਂ ਆ ਰਹੀ ਤਾਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਬੇਅਰਥ ਹਨ। ਉਨ੍ਹਾਂ ਪਾਵਰਕਾਮ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਦਿਆਂ ਬਿਜਲੀ ਕੱਟ ਖਤਮ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਪਾਵਰਕਾਮ ਦੇ ਐਸਡੀਓ ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਾਜਪੁਰਾ ਥਰਮਲ ਪਲਾਟ ਵਿੱਚ ਗੜਬੜ ਹੋਣ ਕਾਰਨ ਆ ਰਹੀ ਹੈ ਤੇ ਜਿਉਂ ਹੀ ਥਰਮਲ ਪਲਾਂਟ ਚਾਲੂ ਹੋ ਜਾਵੇਗਾ ਤਾਂ ਬਿਜਲੀ ਸਪਲਾਈ ਪੂਰਨ ਬਹਾਲ ਹੋ ਜਾਵੇਗੀ।
Click to Follow Babushahi Facebook Page →