ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026: ਮੋਹਾਲੀ ਸਿਲੀਕੌਨ ਵੈਲੀ ਵਜੋਂ ਵਿਕਸਿਤ ਹੋਣ ਦੀ ਰਾਹ 'ਤੇ: ਸੰਜੀਵ ਅਰੋੜਾ
ਕੈਬਨਿਟ ਮੰਤਰੀ ਵੱਲੋਂ ਕਾਲਕਟ ਭਵਨ ਵਿੱਚ ਦੱਖਣੀ ਕੋਰੀਆ ਦੇ ਪੈਂਗਯੋ ਟੈਕਨੋ ਵੈਲੀ ਦੀ ਤਰਜ਼ ‘ਤੇ ਨਵੇਂ ਸਟਾਰਟ-ਅਪ ਹੱਬ ਦਾ ਐਲਾਨ
ਕਿਹਾ, ਨਵੇਂ ਨੀਤੀਗਤ ਸੁਧਾਰਾਂ ਤਹਿਤ ਆਈਟੀ ਕੰਪਨੀਆਂ ਨੂੰ ਦੇਸ਼ ਵਿੱਚ ਸਭ ਤੋਂ ਸਸਤੀ ਬਿਜਲੀ; ਕਰਮਚਾਰੀ ਸਬਸਿਡੀ ਵਿੱਚ ਵਾਧਾ
ਸਾਡਾ ਉਦੇਸ਼ ਮੋਹਾਲੀ ਨੂੰ ਏਸ਼ੀਆ ਦੇ ਨਕਸ਼ੇ 'ਤੇ ਲਿਆਉਣਾ: ਮੁੱਖ ਸਕੱਤਰ ਵਿਕਾਸ ਗਰਗ
ਚੰਡੀਗੜ੍ਹ/ਮੋਹਾਲੀ, 13 ਮਾਰਚ 2026- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਹਾਲੀ ਤੇਜ਼ੀ ਨਾਲ ਇੱਕ ਵੱਡੇ ਤਕਨਾਲੋਜੀ ਅਤੇ ਸਟਾਰਟ-ਅਪ ਧੁਰੇ (ਹੱਬ) ਵਜੋਂ ਉਭਰ ਰਿਹਾ ਹੈ। ਇਹ ਪ੍ਰਗਟਾਵਾ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਇਥੇ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ “ਸਿਲੀਕੌਨ ਵੈਲੀ” ਵਜੋਂ ਤੇਜ਼ੀ ਨਾਲ ਵਿਕਸਿਤ ਹੋਣ ਦੀ ਰਾਹ 'ਤੇ ਹੈ।
ਪਲਾਕਸ਼ਾ ਯੂਨੀਵਰਸਿਟੀ ਵਿੱਚ ਪ੍ਰਗਤੀਸ਼ੀਲ ਪੰਜਾਬ ਸੰਮੇਲਨ 2026 ਦੇ ਪਹਿਲੇ ਦਿਨ “ਬ੍ਰਾਂਡ ਮੋਹਾਲੀ” ਵਿਸ਼ੇ 'ਤੇ ਹੋਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੋਹਾਲੀ ਹੁਣ ਸਿਰਫ ਇੱਕ ਸੈਟੇਲਾਈਟ ਸ਼ਹਿਰ ਨਹੀਂ, ਬਲਕਿ ਇਹ ਆਲਮੀ ਤਕਨਾਲੋਜੀ ਅਤੇ ਸਟਾਰਟ-ਅਪ ਮੁਕਾਮ ਵਜੋਂ ਵਿਕਸਿਤ ਹੋ ਰਿਹਾ ਹੈ।
ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਾਲਕਟ ਭਵਨ ਵਿੱਚ ਸਮਰਪਿਤ ਸਟਾਰਟ-ਅਪ ਹੱਬ ਬਣਾਇਆ ਜਾ ਰਿਹਾ ਹੈ, ਜੋ ਦੱਖਣੀ ਕੋਰੀਆ ਦੇ ਵਿਸ਼ਵ ਪ੍ਰਸਿੱਧ ਪੈਂਗਯੋ ਟੈਕਨੋ ਵੈਲੀ ਦੀ ਤਰਜ਼ 'ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਜਿਵੇਂ ਦੱਖਣੀ ਕੋਰੀਆ ਕੋਲ ਆਪਣੀ ਸਿਲੀਕੌਨ ਵੈਲੀ ਹੈ, ਉਸੇ ਤਰ੍ਹਾਂ ਪੰਜਾਬ ਕੋਲ ਵੀ ਜਲਦੀ ਹੀ ਮੋਹਾਲੀ ਵਿੱਚ ਆਪਣਾ ਸਟਾਰਟ-ਅਪ ਹੱਬ ਹੋਵੇਗਾ ਜਿਸ ਬਾਬਤ ਮੁੱਖ ਮੰਤਰੀ ਪੰਜਾਬ ਵਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
ਨਵੀਂ ਉਦਯੋਗਿਕ ਨੀਤੀ ਦੀਆਂ ਖੂਬੀਆਂ ਦਾ ਜ਼ਿਕਰ ਕਰਦਿਆਂ ਓਹਨਾਂ ਕਿਹਾ ਕਿ ਬਿਜਲੀ ਸੁਧਾਰ ਇਸ ਰਣਨੀਤੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ, “ਅਸੀਂ ਆਈਟੀ ਕੰਪਨੀਆਂ ਅਤੇ ਡੇਟਾ ਸੈਂਟਰਾਂ ਨੂੰ ਕਮਰਸ਼ੀਅਲ ਬਿਜਲੀ ਦਰਾਂ ਤੋਂ ਉਦਯੋਗਿਕ ਦਰਾਂ ਅਧੀਨ ਲਿਆਂਦਾ ਹੈ। ਇਸ ਨਾਲ ਮੋਹਾਲੀ ਦੀਆਂ ਆਈਟੀ ਕੰਪਨੀਆਂ ਨੂੰ ਦੇਸ਼ ਭਰ ਵਿੱਚੋਂ ਸਸਤੀ ਬਿਜਲੀ ਮਿਲੇਗੀ।”
ਉਨ੍ਹਾਂ ਕਰਮਚਾਰੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਈਟੀ ਕੰਪਨੀਆਂ ਨੂੰ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 5,000 ਰੁਪਏ ਅਤੇ ਗਲੋਬਲ ਕੈਪੇਬਿਲਿਟੀ ਸੈਂਟਰਾਂ ( ਜੀਸੀਸੀ'ਜ਼) ਲਈ 7,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਯੋਗਤਾ ਦੀਆਂ ਸ਼ਰਤਾਂ ਵੀ ਘਟਾਈਆਂ ਗਈਆਂ ਹਨ।
ਸੈਸ਼ਨ ਦੌਰਾਨ ਮੰਤਰੀ ਸੰਜੀਵ ਅਰੋੜਾ ਨੇ ਵਧ ਰਹੀਆਂ ਬੁਨਿਆਦੀ ਢਾਂਚਾਗਤ ਲੋੜਾਂ ਬਾਰੇ ਬੋਲਦਿਆਂ ਹੌਸਪਿਟੈਲਿਟੀ, ਆਈਟੀ, ਸਿੱਖਿਆ ਤੇ ਮੈਡੀਕਲ ਖੇਤਰਾਂ ਦੇ ਦਿੱਗਜਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਹਾਲ ਹੀ ਵਿੱਚ ਮੋਹਾਲੀ ਕਨਵੈਨਸ਼ਨ ਸੈਂਟਰ ਦੀ ਨਿਲਾਮੀ ਅਤੇ ਇਨਫੋਸਿਸ ਸੈਂਟਰ ਦੇ ਖੁੱਲ੍ਹਣ ਨੂੰ ਸ਼ਹਿਰ ਦੇ ਵਿਸਥਾਰ ਦੇ ਮੀਲ ਪੱਥਰ ਵਜੋਂ ਦਰਸਾਉਂਦਿਆਂ ਕਿਹਾ ਕਿ ਮੋਹਾਲੀ ਸਿਰਫ ਕਾਰੋਬਾਰ ਲਈ ਹੀ ਨਹੀਂ, ਸਗੋਂ ਡੈਸਟੀਨੇਸ਼ਨ ਵਿਆਹਾਂ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਲਈ ਵੀ ਇੱਕ ਅਹਿਮ ਸ਼ਹਿਰ ਵਜੋਂ ਉਭਰ ਰਿਹਾ ਹੈ, ਕਿਉਂਕਿ ਇਹ ਪਹਾੜੀਆਂ ਅਤੇ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੈ।
ਆਈਟੀ ਟੈਲੈਂਟ ਪੂਲ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬੀ ਆਲਮੀ ਤਕਨੀਕੀ ਧੁਰਿਆਂ ਜਿਵੇਂ ਕਿ ਸਿਲੀਕਾਨ ਵੈਲੀ ਵਿੱਚ ਕੰਮਕਾਜੀ ਮਨੁੱਖੀ ਸ੍ਰੋਤ ਦਾ ਵੱਡਾ ਹਿੱਸਾ ਬਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਵਿੱਚ ਨਿਵੇਸ਼ ਕਰਕੇ ਕੰਪਨੀਆਂ ਚੋਟੀ ਦੀ 1 ਫੀਸਦੀ ਪੰਜਾਬੀ ਪ੍ਰਤਿਭਾ ਨੂੰ ਨੌਕਰੀ 'ਤੇ ਰੱਖ ਸਕਦੀਆਂ ਹਨ ਜੋ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਦੇ ਨੇੜੇ ਰਹਿਣਾ ਪਸੰਦ ਕਰਦੇ ਹਨ, ਜਿਸ ਨਾਲ ਹੋਰ ਤਕਨੀਕੀ ਕੇਂਦਰਾਂ ਦੇ ਮੁਕਾਬਲੇ ਬਹੁਤ ਘੱਟ ਨੌਕਰੀ ਛੱਡਣ ਦੀ ਦਰ ਯਕੀਨੀ ਬਣਾਈ ਜਾ ਸਕਦੀ ਹੈ।
ਸਿਹਤ ਸੰਭਾਲ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਸਥਾਨਕ ਮੈਡੀਕਲ ਸਹੂਲਤਾਂ ਦੇ ਵਿਸਥਾਰ 'ਤੇ ਵਧਾਈ ਦਿੱਤੀ, ਜਿਸ ਵਿੱਚ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ 900 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਓਹਨਾਂ ਪ੍ਰਾਈਵੇਟ ਉਦਮੀਆਂ ਨੂੰ ਆਮ ਆਦਮੀ ਲਈ "ਕਿਫਾਇਤੀ ਸਿਹਤ ਸੰਭਾਲ" 'ਤੇ ਗੌਰ ਕਰਨ ਦੀ ਅਪੀਲ ਵੀ ਕੀਤੀ।
ਹਵਾਈ ਸੰਪਰਕਾਂ ਬਾਰੇ ਮੰਤਰੀ ਨੇ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਪ੍ਰਬੰਧਕਾਂ ਨਾਲ ਹੋਈ ਹਾਲੀਆ ਚਰਚਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਬੇਸ਼ੱਕ ਜਹਾਜ਼ਾਂ ਦੀ ਘਾਟ ਇੱਕ ਵਿਸ਼ਵਵਿਆਪੀ ਚੁਣੌਤੀ ਹੈ, ਪਰ ਰਾਜ ਮੋਹਾਲੀ ਦੇ ਵਿਕਾਸ ਦੀ ਰਫ਼ਤਾਰ ਦੇ ਨਾਲ ਕਦਮ ਮਿਲਾਉਂਦੇ ਹੋਏ ਹੋਰ ਅੰਤਰਰਾਸ਼ਟਰੀ ਉਡਾਣਾਂ ਲਈ ਕੋਸ਼ਿਸ਼ ਕਰ ਰਿਹਾ ਹੈ।
ਇਸ ਤੋਂ ਪਹਿਲਾਂ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਮੋਹਾਲੀ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਦੀ ਨਿਲਾਮੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 7,000 ਏਕੜ ਹੋਰ ਜ਼ਮੀਨ ਹਾਸਲ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ। ਓਹਨਾਂ ਕਿਹਾ, “ਸਾਡਾ ਉਦੇਸ਼ ਮੋਹਾਲੀ ਨੂੰ ਏਸ਼ੀਆ ਦੇ ਨਕਸ਼ੇ 'ਤੇ ਲਿਆਉਣਾ ਹੈ।”
ਸੈਸ਼ਨ ਦੌਰਾਨ ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿਚ ਵਿਸ਼ੇਸ਼ ਤੌਰ 'ਤੇ ਆਈਟੀਸੀ ਹੋਟਲਜ਼ ਲਿਮਿਟਡ ਦੇ *ਚੀਫ ਡਿਵੈਲਪਮੈਂਟ ਅਫ਼ਸਰ ਭਾਸਕਰ ਬਰੂਆਹ*, ਪਲਾਕਸ਼ਾ ਯੂਨੀਵਰਸਿਟੀ ਦੇ ਫਾਊਂਡਿੰਗ ਵਾਈਸ ਚਾਂਸਲਰ ਡਾ. ਰੁਦਰ ਪ੍ਰਤਾਪ, ਫੋਰਟਿਸ ਹੈਲਥਕੇਅਰ ਦੇ ਰੀਜਨਲ ਸੀਓਓ ਆਸ਼ੀਸ਼ ਭਾਟੀਆ, ਨੈੱਟਸਮਾਰਟਜ਼ ਦੇ ਕੋ-ਫਾਊਂਡਰ ਅਤੇ ਸੀਈਓ ਮਨੀਪਾਲ ਧਾਰੀਵਾਲ ਅਤੇ ਟੀਟੀ ਕਨਸਲਟੈਂਟਸ, ਐਕਸਐਲਸਕਾਊਟ ਦੇ ਫਾਊਂਡਰ ਜਿਤਿਨ ਤਲਵਾਰ ਸ਼ਾਮਲ ਸਨ, ਜਦਕਿ ਬੋਸਟਨ ਕਨਸਲਟਿੰਗ ਗਰੁੱਪ ਦੇ ਐਮਡੀਪੀ ਸੈਸ਼ਨ ਦੇ ਮਾਡਰੇਟਰ ਸਨ। ਇਸ ਮੌਕੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਵੀ ਮੌਜੂਦ ਸਨ।
Click to Follow Babushahi Facebook Page →