ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ: ਨਜਾਇਜ਼ ਸ਼ਰਾਬ ਅਤੇ ਇਨੋਵਾ ਸਮੇਤ 2 ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 6 ਮਾਰਚ, 2026- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਵਿੱਚੋਂ 60 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਤਸਕਰਾਂ ਨੂੰ ਕਾਬੂ ਕੀਤਾ।
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ, ਥਾਣਾ ਜਮਾਲਪੁਰ ਦੇ ਮੁੱਖ ਅਫਸਰ ਥਾਣੇਦਾਰ ਦਲਵੀਰ ਸਿੰਘ ਦੀ ਪੁਲਿਸ ਪਾਰਟੀ ਸਾਹਿਬਾਣਾ ਪੁਲੀ (100 ਫੁੱਟਾ ਰੋਡ) ਵਿਖੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਸ਼ੱਕੀ ਇਨੋਵਾ ਗੱਡੀ (ਨੰਬਰ PB-03-AF-1002) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਭਾਰੀ ਮਾਤਰਾ (60 ਮਾਰਕਾ ਰਾਜਧਾਨੀ ਵਿਸਕੀ, 26 ਪੇਟੀਆਂ ਮਾਰਕਾ ਸੁਪਰ ਹਿੰਮਤ ਸੌਂਫ (Super Himmat Saunf) 34 ਪੇਟੀਆਂ) ਵਿੱਚ ਸ਼ਰਾਬ ਬਰਾਮਦ ਹੋਈ।
ਪੁਲਿਸ ਨੇ ਮੌਕੇ 'ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਤਜਿੰਦਰਪਾਲ ਸਿੰਘ ਉਰਫ ਕਰਨ ਪੁੱਤਰ ਮਹਿਕਮ ਸਿੰਘ, ਵਾਸੀ ਪਿੰਡ ਰੋਡੇ, ਥਾਣਾ ਸਮਾਲਸਰ (ਮੋਗਾ), ਸ਼ਲਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਵਾਸੀ ਪਿੰਡ ਵਾੜਾਵਰਿਆਮ ਸਿੰਘ, ਥਾਣਾ ਜੀਰਾ (ਫਿਰੋਜ਼ਪੁਰ) ਵਜੋ ਹੋਈ।
ਜਿਹਨਾਂ ਤੇ ਥਾਣਾ ਜਮਾਲਪੁਰ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 55, ਮਿਤੀ 06.03.2026 ਅਧੀਨ ਧਾਰਾ 61/1/14 ਐਕਸਾਇਜ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਪੁੱਛਗਿੱਛ ਵਿੱਚ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Click to Follow Babushahi Facebook Page →