Babushahi Special ਖਬਰਾਂ ਦੀ ਪੁਣਛਾਣ : ਕੱਟੜਤਾ ਦੇ ਤਬੇਲੇ ਵਿੱਚ ਧੜੱਲੇਦਾਰ ਮੁਸਲਿਮ ਨੇਤਾ ‘ਖਾਮਨੇਈ’ ਦੀ ਬਲੀ
ਅਸ਼ੋਕ ਵਰਮਾ
ਬਠਿੰਡਾ , 1 ਮਾਰਚ 2026 : ਆਖਰ ਪੁਰਾਤਨ ਵੇਲਿਆਂ ’ਚ ਮੁਸਲਮਾਨ ਦੇਸ਼ਾਂ ’ਚ ਵਾਪਰੀਆਂ ਘਟਨਾਵਾਂ ਵਾਂਗ ਇਰਾਨ ਦੇ ਮੁਸਲਿਮ ਨੇਤਾ ਅਲੀ ਹੋਸੈਨੀ ਖਾਮਨੇਈ ਵੀ ਸਾਮਰਾਜਵਾਦ ਦੀ ਖੂਨੀ ਤੇ ਬਦਲਾਖ਼ੋਰ ਸਿਆਸਤ ਦੀ ਭੇਂਟ ਚੜ੍ਹ ਗਏ ਹਨ। ਅਮਰੀਕਾ ਇਜ਼ਰਾਈਲ ਦੀ ਜੁੰਡਲੀ ਵੱਲੋਂ ਇਰਾਨ ਖਿਲਾਫ ਐਲਾਨੀ ਜੰਗ ਦੌਰਾਨ ਉਸ ਦੇ ਪ੍ਰੀਵਾਰ ਦੇ ਕਈ ਮੈਂਬਰ ਵੀ ਇਸ ਦੌਰਾਨ ਵਹਿਸ਼ੀਆਨਾ ਮੌਤ ਦਾ ਸ਼ਿਕਾਰ ਹੋ ਚੁੱਕੇ ਸਨ। ਭਾਰਤ ਦੇ ਨਹਿਰੂ-ਗਾਂਧੀ ਕੁਨਬੇ ਵਾਂਗ, ਖਾਮਨੇਈ ਕੁਨਬਾ ਵੀ ਦੁਨੀਆਂ ਦੇ ਚੋਟੀ ਦੇ ਕੁਨਬਿਆਂ ਵਿਚੋਂ ਇੱਕ ਰਿਹਾ ਹ ਬੇਸ਼ੱਕ ਉਸ ਦਾ ਖਾਸਾ ਧਾਰਮਿਕ ਵੱਧ ਸੀ। ਅਸਲ ਵਿੱਚ ਕੁੱਝ ਮਹੀਨੇ ਪਹਿਲਾਂ ਇਰਾਨ ਨਾਲ ਛਿੜੀ ਜੰਗ ਤੋਂ ਤੁਰੰਤ ਪਿਛੋਂ ਜਦੋਂ ਅਮੀਰਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਅਲੀ ਖਾਮਨੇਈ ਤੋਂ ਕਿਸੇ ਵੀ ਵਕਤ ਮੁੜ ਤੋਂ ਬਦਲਾ ਲੈਣ ਦੀ ਸੰਭਾਵਨਾ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਦ ਤੋਂ ਹੀ ਕੌਮਾਂਤਰੀ ਭਾਈਚਾਰੇ ਵਿਚ ਉਨ੍ਹਾਂ ਦੀ ਸੁਰੱਖਿਆ ਬਾਰੇ ਸੰਸਾ ਪਰਗਟ ਕੀਤਾ ਜਾਂਦਾ ਰਿਹਾ ਸੀ।
ਭਾਵੇਂ ਇੰਨ੍ਹਾਂ ਅਟਕਲਾਂ ਨੂੰ ਕੁੱਝ ਸਮੇਂ ਬਾਅਦ ਵਿਰਾਮ ਲੱਗ ਗਿਆ ਪਰ ਅਮਰੀਕੀ ਅਤੇ ਇਜ਼ਰਾਈਲੀ ਫ਼ੌਜੀਤੰਤਰ ਦਾ ਵੱਡਾ ਹਿੱਸਾ ਖਾਮਨੇਈ ਨੂੰ ਇਰਾਨ ਦੀ ਸੱਤਾ ਤੋਂ ਪਾਸੇ ਕਰਨ ਲਈ ਇਕ ਲੋੜ ਵਜੋਂ ਸਵੀਕਾਰ ਕਰ ਰਿਹਾ ਸੀ। ਇਹੋ ਕਾਰਨ ਹੈ ਕਿ ਕੌਮੀਂ ਅਤੇ ਕੌਮਾਂਤਰੀ ਪੱਧਰ ਦੇ ਸੁਰੱਖਿਆ ਮਾਹਿਰ ਤੇ ਇਰਾਨ ਦੀ ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਨਜ਼ਰ ਰੱਖਣ ਦੇ ਨਾਲ ਨਾਲ ਦਬੀ ਜੁਬਾਨ ’ਚ ਕਹਿ ਰਹੇ ਸਨ ਕਿ ਖਾਮਨੇਈ ਲਈ ਸਭ ਖੈਰ ਸੱਲਾ ਨਹੀਂ ਹੈ। ਆਖਰ 28 ਫਰਵਰੀ 2026 ਦੀ ਰਾਤ ਨੂੰ ਇਹ ਸੰਸਾ ਸੱਚ ਹੋ ਨਿਬੜਿਆ ਹੈ। ਇਸ ਹਮਲੇ ’ਚ ਖਾਮਨੇਈ ਦੇ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਉਸ ਦੇ ਸੁਰੱਖਿਆ ਸਬੰਧੀ ਹੱਦ ਦਰਜੇ ਦੇ ਨੇੜਲੇ ਸਲਾਹਕਾਰਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਖਾਮਨੇਈ ਦੀ ਮੌਤ ਦਾ ਅਸਰ ਪੂਰੇ ਏਸ਼ੀਆ ਖਿੱਤੇ ਖਾਸ ਤੌਰ ਤੇ ਮਿਡਲ ਈਸਟ ਦੇ ਦੇਸ਼ਾਂ ਤੇ ਪਵੇਗਾ।
ਦਰਅਸਲ ਇਰਾਨ ’ਚ ਰਾਜਾਸ਼ਾਹੀ ਦੇ ਦਿਨਾਂ ਦੌਰਾਨ ਮੁਹੰਮਦ ਸ਼ਾਹ ਰਜਾ ਪਹਿਲਵੀ ਮੁਲਕ ਦੇ ਬਾਦਸ਼ਾਹ ਸਨ ਜਿਨ੍ਹਾਂ ਦੀ ਸੱਤਾ ਨੂੰ ਕੱਟੜਵਾਦ ਸਮਰਥਕ ਆਇਤਉਲੀ ਖੁਮੀਨੀ ਨੇ ਉਖਾੜ ਸੁੱਟਿਆ ਸੀ। ਖੁਮੀਨੀ ਨੂੰ ਇਰਾਨੀਆਂ ਨੇ ਸਰਵਪ੍ਰਵਾਨਿਤ ਲੀਡਰ ਵਜੋਂ ਮੰਨਿਆ ਅਤੇ ਰਾਜਾ ਪਹਿਲਵੀ ਦੇ ਰਾਜ ਭਾਗ ਦੌਰਾਨ ਵਗਦੀ ਖੁੱਲ੍ਹੀ ਹਵਾ ’ਤੇ ਪਾਬੰਦੀ ਲਾ ਦਿੱਤੀ ਸੀ। ਆਇਤਉਲਾ ਖੁਮੀਨੀ ਤੋਂ ਬਾਅਦ ਅਲੀ ਹੋਸੈਨੀ ਖਾਮਨੇਈ ਨੇ ਇਰਾਨ ਦੀ ਸੱਤਾ ਸੰਭਾਲੀ ਅਤੇ ਦੇਖਦਿਆਂ ਹੀ ਦੇਖਦਿਆਂ ਸ਼ਕਤੀਸ਼ਾਲੀ ਲੀਡਰ ਵਜੋਂ ਸਥਾਪਿਤ ਹੋ ਗਏ। ਇਰਾਨ ਦੀ ਸੁਰੱਖਿਆ ਲਈ ਖਾਮਨੇਈ ਨੇ ਇਰਾਨ ਰੈਵੋਲੈਸ਼ਨਰੀ ਗਾਰਡਜ਼ ਦੀ ਸਥਾਪਨਾ ਕੀਤੀ। ਇੱਥੇ ਇਹ ਜਿਕਰ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਨਾਂ ਕੇਵਲ ਇਹ ਸੁਰੱਖਿਆ ਗਾਰਡ ਬਲਕਿ ਇਰਾਨ ਦੀ ਜਿਆਦਾਤਰ ਅਬਾਦੀ ਖਾਮਨੇਈ ਦੇ ਇੱਕ ਇਸ਼ਾਰੇ ਤੇ ਲੜਨ ਮਰਨ ਨੂੰ ਤਿਆਰ ਹੋ ਜਾਂਦੀ ਸੀ। ਇਸੇ ਕਾਰਨ ਖਾਮਨੇਈ ਦੀ ਮੌਤ ’ਤੇ ਇਰਾਨ ’ਚ ਵੱਡੀ ਪੱਧਰ ’ਤੇ ਸੋਗ ਮਨਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ।
ਬੇਸ਼ੱਕ ਸਾਬਕਾ ਮਰਹੂਮ ਬਾਦਸ਼ਾਹ ਮੁਹੰਮਦ ਸ਼ਾਹ ਰਜਾ ਪਹਿਲਵੀ ਦੇ ਪੈਰੋਕਾਰਾਂ ਦੀ ਇਰਾਨ ’ਚ ਕਮੀਂ ਨਹੀਂ ਜੋ ਕੱਟੜਵਾਦ ਤੋਂ ਅਜਾਦੀ ਮੰਗਦੇ ਆ ਰਹੇ ਹਨ ਪਰ ਬਹੁਗਿਣਤੀ ਇਰਾਨੀਆਂ ਵੱਲੋਂ ਖਾਮਨੇਈ ਦਾ ਹੁਕਮ ਇਲਾਹੀ ਮੰਨਿਆ ਜਾਂਦਾ ਸੀ। ਅਸਲ ਵਿੱਚ ਖਾਮਨੇਈ ਦੀ ਇਹੋ ਤਾਕਤ ਉਸ ਦੀ ਜਿੰਦਗੀ ਦੀ ਦੁਸ਼ਮਣ ਸਾਬਤ ਹੋਈ ਹੈ। ਅਮਰੀਕਾ ’ਚ ਟਰੰਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਹੀ ਇਰਾਨ ਨੂੰ ਸਬਕ ਸਿਖਾਉਣ ਦੀ ਖਬਰ ਆ ਰਹੀ ਸੀ। ਦੇਖਿਆ ਜਾਏ ਤਾਂ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਡੋਨਾਲਡ ਟਰੰਪ ਦਾ ਵਤੀਰਾ ਕਾਫੀ ਮੁਲਕਾਂ ਲਈ ਤਾਨਸ਼ਾਹੀ ਵਾਲਾ ਹੀ ਰਿਹਾ ਹੈ ਜਿਸ ’ਚ ਇਰਾਨ ਵੀ ਸ਼ਾਮਲ ਹੈ। ਇਰਾਨ ਦੀ ਜਨਤਾ ਦੇ ਦਿਲਾਂ ਤੇ ਰਾਜ ਕਰਨ ਵਾਲਾ ਅਲੀ ਹੋਸੈਨੀ ਖਾਮਨੇਈ ਕੌਣ ਸੀ ਇਸ ਸਬੰਧੀ ਜਾਨਣ ਲਈ ਲੋਕਾਂ ’ਚ ਜਗਿਆਸਾ ਬਣੀ ਹੋਈ ਹੈ। ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨਈ 1979 ਦੀ ਇਸਲਾਮੀ ਕ੍ਰਾਂਤੀ ਮਗਰੋਂ ਇਰਾਨ ਦੇ ਦੂਸਰੇ ਸਰਵਉੱਚ ਨੇਤਾ ਬਣੇ ਸਨ।
ਖਾਮਨੇਈ 1989 ਤੋਂ 28 ਫਰਵਰੀ 2026 ਨੂੰ ਆਪਣੀ ਮੌਤ ਤੱਕ ਉੱਥੋਂ ਦੇ ਸਭ ਤੋਂ ਉੱਚੇ ਅਹੁਦੇ ’ਤੇ ਕਾਬਜ਼ ਅਤੇ ਇਰਾਨ ਦੀ ਗੁੰਝਲਦਾਰ ਰਾਜਨੀਤੀ ਦੇ ਕੇਂਦਰ ਰਹੇ ਸਨ। ਖਾਮਨੇਈ ਦਾ ਜਨਮ 1939 ’ਚ ਇਰਾਨ ਦੇ ਸ਼ਹਿਰ ਮੁਸ਼ਾਹਦ ਦੇ ਇੱਕ ਧਾਰਮਿਕ ਪ੍ਰੀਵਾਰ ’ਚ ਹੋਇਆ ਸੀ । ਉਸ ਵਕਤ ਦੇ ਜਿਆਦਾਤਰ ਧਾਰਮਿਕ ਆਗੂਆਂ ਵਾਂਗ ਖਾਮਨੇਈ ਦੀ ਕਾਰਜਸ਼ੈਲੀ ਜਿੰਨੀਂ ਅਧਿਆਤਮਕ ਸੀ ਉਨੀਂ ਹੀ ਰਾਜਨੀਤਕ ਸੀ। ਆਪਣੇ ਦੌਰ ’ਚ ਪ੍ਰਭਾਵਸ਼ਾਲੀ ਅਤੇ ਲੋਕਾਂ ਨੂੰ ਕੀਲਣ ਵਾਲੇ ਬੁਲਾਰੇ ਵਜੋਂ ਖਾਮਨੇਈ ਨੇ ਉਨ੍ਹਾਂ ਲੋਕਾਂ ’ਚ ਸ਼ਮੂਲੀਅਤ ਕਰ ਲਈ ਜੋ ਸ਼ਾਹ ਇਰਾਨ ਦਾ ਵਿਰੋਧ ਕਰਦੇ ਸਨ। ਇਸ ਦੌਰਾਨ ਖਾਮਨੇਈ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਜੇਲ੍ਹਾਂ ’ਤੇ ਗੁਪਤਵਾਸ ’ਚ ਵੀ ਰਹਿਣਾ ਪਿਆ ਸੀ। ਅੰਤ ਨੂੰ ਇਰਾਨ ’ਚ ਹੋਈ ਇਸਲਾਮੀ ਕ੍ਰਾਂਤੀ ਦੌਰਾਨ ਸ਼ਾਹ ਇਰਾਨ ਨੂੰ ਗੱਦੀਓਂ ਲਾਹ ਦਿੱਤਾ ਗਿਆ ਸੀ। ਖੋਮੇਨੀ ਦੀ 1989 ਵਿੱਚ ਮੌਤ ਹੋ ਜਾਣ ਕਾਰਨ ਖਾਮੇਨਈ ਨੂੰ ਖੁਮੀਨੀ ਦਾ ਉੱਤਰਾਧਿਕਾਰੀ ਚੁਣਿਆ ਸੀ।
Click to Follow Babushahi Facebook Page →