ਭਿਆਨਕ ਜਹਾਜ਼ ਹਾਦਸਾ: ਹਾਈਵੇਅ 'ਤੇ ਡਿੱਗਿਆ ਫੌਜੀ ਜਹਾਜ਼; 15 ਮੌਤਾਂ ਅਤੇ ਨੋਟ ਲੁੱਟਣ ਦੀ ਮਚੀ ਅੰਨ੍ਹੀ ਲੁੱਟ
ਲਾ ਪਾਜ਼ (ਬੋਲੀਵੀਆ): 28 ਫਰਵਰੀ, 2026
ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਦੇ ਨਜ਼ਦੀਕ ਸ਼ੁੱਕਰਵਾਰ ਨੂੰ ਇੱਕ ਦਿਲ ਕੰਬਾਊ ਜਹਾਜ਼ ਹਾਦਸਾ ਵਾਪਰਿਆ। ਬੋਲੀਵੀਆਈ ਹਵਾਈ ਸੈਨਾ ਦਾ ਇੱਕ ਹਰਕਿਊਲਿਸ ਸੀ-130 (Hercules C-130) ਕਾਰਗੋ ਜਹਾਜ਼ ਉਡਾਣ ਭਰਨ ਦੇ ਕੁਝ ਹੀ ਪਲਾਂ ਬਾਅਦ ਬੇਕਾਬੂ ਹੋ ਕੇ ਐਲ ਆਲਟੋ ਸ਼ਹਿਰ ਦੇ ਇੱਕ ਰੁਝੇਵਿਆਂ ਭਰੇ ਹਾਈਵੇਅ 'ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਫਾਇਰ ਬ੍ਰਿਗੇਡ ਦੇ ਮੁਖੀ ਪਾਵੇਲ ਟੋਵਰ ਅਨੁਸਾਰ, ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਆਪਣਾ ਸੰਤੁਲਨ ਗੁਆ ਬੈਠਾ। ਹਾਈਵੇਅ 'ਤੇ ਡਿੱਗਦੇ ਸਾਰ ਹੀ ਜਹਾਜ਼ ਨੇ ਉੱਥੇ ਚੱਲ ਰਹੇ ਲਗਭਗ 15 ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਕਈ ਗੱਡੀਆਂ ਦੇ ਪਰਖੱਚੇ ਉੱਡ ਗਏ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕਾਂ ਵਿੱਚ ਜਹਾਜ਼ ਦੇ ਚਾਲਕ ਦਲ ਦੇ ਕਿੰਨੇ ਮੈਂਬਰ ਸਨ ਅਤੇ ਕਿੰਨੇ ਆਮ ਰਾਹਗੀਰ ਸਨ।
ਅਜੀਬੋ-ਗਰੀਬ ਸਥਿਤੀ: ਖਿੰਡੇ ਹੋਏ ਨੋਟ ਲੁੱਟਣ ਲਈ ਪਈਆਂ ਭਾਜੜਾਂ
ਇਹ ਹਾਦਸਾ ਉਸ ਵੇਲੇ ਹੋਰ ਵੀ ਗੁੰਝਲਦਾਰ ਹੋ ਗਿਆ ਜਦੋਂ ਇਹ ਪਤਾ ਲੱਗਾ ਕਿ ਇਹ ਫੌਜੀ ਜਹਾਜ਼ ਕੇਂਦਰੀ ਬੈਂਕ ਤੋਂ ਨਵੇਂ ਛਪੇ ਹੋਏ ਨੋਟਾਂ ਦੀ ਵੱਡੀ ਖੇਪ ਦੂਜੇ ਸ਼ਹਿਰਾਂ ਵਿੱਚ ਲਿਜਾ ਰਿਹਾ ਸੀ।
ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਹਾਈਵੇਅ 'ਤੇ ਖਿੰਡ ਗਿਆ ਅਤੇ ਉਸ ਦੇ ਨਾਲ ਹੀ ਲੱਖਾਂ ਦੀ ਨਕਦੀ ਸੜਕ 'ਤੇ ਖਿਲਰ ਗਈ।
ਹਾਦਸੇ ਵਾਲੀ ਥਾਂ 'ਤੇ ਮਦਦ ਕਰਨ ਦੀ ਬਜਾਏ, ਸੈਂਕੜੇ ਲੋਕ ਖਿੰਡੇ ਹੋਏ ਨੋਟਾਂ ਨੂੰ ਇਕੱਠਾ ਕਰਨ ਲਈ ਟੁੱਟ ਪਏ।
ਸਥਿਤੀ ਇੰਨੀ ਬੇਕਾਬੂ ਹੋ ਗਈ ਕਿ ਪੁਲਿਸ ਨੂੰ ਭੀੜ ਨੂੰ ਹਟਾਉਣ ਅਤੇ ਨੋਟਾਂ ਦੀ ਲੁੱਟ ਨੂੰ ਰੋਕਣ ਲਈ ਸਖ਼ਤ ਤਾਕਤ ਦੀ ਵਰਤੋਂ ਕਰਨੀ ਪਈ।
ਫਾਇਰਫਾਈਟਰਜ਼ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਹੈ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
Click to Follow Babushahi Facebook page →