ਇਜ਼ਰਾਇਲ ਅਮਰੀਕਾ ਅਤੇ ਇਰਾਨ ਜੰਗ ਦੌਰਾਨ ਦੁਬਈ ਵਿੱਚ ਫਸਿਆ ਬਠਿੰਡਾ ਦਾ ਪ੍ਰਿੰਸੀਪਲ ਜੋੜਾ
ਅਸ਼ੋਕ ਵਰਮਾ
ਬਠਿੰਡਾ, 1 ਮਾਰਚ 2026 : ਅਮਰੀਕਾ ਇਜਰਾਇਲ ਅਤੇ ਇਰਾਨ ਵਿਚਕਾਰ ਭੜਕੀ ਜੰਗ ਦੌਰਾਨ ਬਠਿੰਡਾ ਦਾ ਪ੍ਰਿੰਸੀਪਲ ਜੋੜਾ ਦੁਬਈ ਵਿਖੇ ਫਸ ਗਿਆ ਹੈ ਜਿਸ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਐਸਐਸਡੀ ਗਰਲਜ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਡਾਕਟਰ ਨੀਰੂ ਗਰਗ ਅਤੇ ਡੀਏਵੀ ਕਾਲਜ ਬਠਿੰਡਾ ਤੋਂ ਸੇਵਾ ਮੁਕਤ ਹੋਏ ਵਾਈਸ ਪ੍ਰਿੰਸੀਪਲ ਪ੍ਰਵੀਨ ਗਰਗ ਦੁਬਈ ਘੁੰਮਣ ਲਈ ਗਏ ਸਨ। ਵੀਡੀਓ ਰਾਹੀਂ ਡਾਕਟਰ ਨੀਰੂ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਥੋਂ ਦੀ ਸਰਕਾਰ ਨੇ ਹਵਾਈ ਅੱਡਾ ਬੰਦ ਕਰ ਦਿੱਤਾ ਹੈ।
ਪ੍ਰਿੰਸੀਪਲ ਪ੍ਰਵੀਨ ਗਰਗ ਨੇ ਦੱਸਿਆ ਕਿ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਨੇ ਉਨ੍ਹਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ ਅਤੇ ਵਾਪਸ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਡਾਕਟਰ ਨੀਰੂ ਗਰਗ ਦਾ ਕਹਿਣਾ ਸੀ ਕਿ ਜਿਆਦਾਤਰ ਲੋਕਾਂ ਕੋਲ ਪੈਸੇ ਤੱਕ ਖਤਮ ਹੋ ਗਏ ਹਨ ਜਿਸ ਕਰਕੇ ਵੱਡੀ ਮੁਸ਼ਕਿਲ ਆ ਰਹੀ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਹੋਟਲ ਵਾਲਿਆਂ ਨੇ ਵੀ ਕਿਰਾਏ ਵਧਾ ਦਿੱਤੇ ਹਨ ਜੋ ਦਿੱਕਤਾਂ ਵਾਧਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪਤੀ ਪਤਨੀ ਪੰਜ ਦਿਨ ਪਹਿਲਾਂ ਇੱਥੇ ਘੁੰਮਣ ਲਈ ਆਏ ਸਨ ਅਤੇ ਉਨ੍ਹਾਂ ਨੇ ਸ਼ਨੀਵਾਰ ਨੂੰ ਇੰਡੀਗੋ ਏਅਰਲਾਈਨ ਰਾਹੀਂ ਦੁਬਈ ਤੋਂ ਵਾਪਸ ਅੰਮ੍ਰਿਤਸਰ ਆਉਣਾ ਸੀ। ਪਤਾ ਲੱਗਿਆ ਹੈ ਕਿ ਬਾਅਦ ਦੁਪਿਹਰ 2:30 ਵਜੇ ਦੁਬਈ ਦੇ ਹਵਾਈ ਅੱਡੇ 'ਤੇ ਸਮੁੱਚੀ ਕਾਰਵਾਈ ਮੁਕੰਮਲ ਹੋਣ ਦੇ ਬਾਵਜੂਦ ਰਾਤ ਕਰੀਬ 10 ਵਜੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇਹਨਾਂਂ ਮੁਲਕਾਂ ਵਿਚਕਾਰ ਲੱਗੀ ਭਿਆਨਕ ਜੰਗ ਕਾਰਨ ਅਰਬ ਦੇਸ਼ਾਂ 'ਚ ਗਏ ਭਾਰਤੀਆਂ ਜਿਨਾਂ ਵਿੱਚ ਪੰਜਾਬੀ ਵੀ ਸ਼ਾਮਿਲ ਹਨ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Click to Follow Babushahi Facebook Page →