ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਸਬੰਧੀ 27 ਨੂੰ ਵਿਚਾਰ-ਚਰਚਾ ਦੀਆਂ ਤਿਆਰੀਆਂ ਜ਼ੋਰਾਂ 'ਤੇ
ਜਲੰਧਰ 25 ਫਰਵਰੀ 2026- ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1926-2026) ਸਾਲ ਭਰ ਵੱਖ-ਵੱਖ ਰੂਪਾਂ ਵਿੱਚ ਮਨਾਉਣ ਅਤੇ ਪਹਿਲੀ ਨਵੰਬਰ 2026 'ਮੇਲਾ ਗ਼ਦਰੀ ਬਾਬਿਆਂ ਦਾ' ਮੌਕੇ ਸਿਖ਼ਰਾਂ 'ਤੇ ਪਹੁੰਚਾਉਣ ਲਈ 27 ਫਰਵਰੀ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਤੋਂ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਮੌਕੇ ਵਿਚਾਰ-ਚਰਚਾ ਦੀਆਂ ਤਿਆਰੀਆਂ ਦਾ ਅੱਜ ਜਾਇਜ਼ਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਦਿਨ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ, 'ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ', ਡਾ. ਪਰਮਿੰਦਰ 'ਫਾਸ਼ੀ ਹੱਲੇ ਦੀਆਂ ਚੁਣੌਤੀਆਂ ਅਤੇ ਸਾਡੀ ਭੂਮਿਕਾ' ਵਿਸ਼ਿਆਂ 'ਤੇ ਕੁੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਪਰਿਵਾਰਾਂ ਦੇ ਹਾਜ਼ਰ ਨੁਮਾਇੰਦਿਆਂ ਦਾ ਕਮੇਟੀ ਵੱਲੋਂ ਸਨਮਾਨ ਕਰਦੇ ਹੋਏ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ।
ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬੋਰਡ ਆਫ਼ ਟਰੱਸਟ, ਜਨਰਲ ਬਾਡੀ ਅਤੇ ਸਭਿਆਚਾਰਕ ਵਿੰਗ ਵਿੱਚ ਵਿਚਾਰ-ਚਰਚਾ ਕਰਕੇ ਲਏ ਫੈਸਲੇ ਮੁਤਾਬਕ 27 ਫਰਵਰੀ ਦੀ ਪ੍ਰਤੀਨਿਧ ਵਿਚਾਰ-ਚਰਚਾ ਵਿੱਚ ਸ਼ਮੂਲੀਅਤ ਲਈ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਕਮੇਟੀ ਮੈਂਬਰ ਡਾ. ਸੈਲੇਸ਼ ਨੇ ਚੱਕ ਕਲਾਂ, ਬਿਣਗਾਂ, ਕੌਲਗੜ੍ਹ, ਦੌਲਤਪੁਰ, ਝਿੰਗੜਾਂ, ਮਢਾਲੀ, ਪਤਾਰਾ, ਪੰਡੋਰੀ ਨਿੱਝਰਾਂ, ਘੁੜਿਆਲ, ਮੰਡੇਰ ਆਦਿ ਪਿੰਡਾਂ ਤੱਕ ਹਰ ਸੰਭਵ ਢੰਗ ਨਾਲ ਸੰਪਰਕ ਕੀਤਾ ਅਤੇ ਵਿਚਾਰਾਂ ਹੋਈਆਂ।
ਇਉਂ ਹੀ ਕਮੇਟੀ ਮੈਂਬਰ ਵਿਜੈ ਬੰਬੇਲੀ ਨੇ ਬਾਹੋਵਾਲ, ਕੋਟ ਫਤੂਹੀ, ਜੱਸੋਵਾਲ, ਸਾਹਦਰਾ, ਲੰਗੇਰੀ, ਧੁੱਗਾ, ਪੰਡੋਰੀ ਮੰਗਾ ਸਿੰਘ, ਨੰਗਲ ਕਲਾਂ, ਰੱਕੜ ਬੇਟ, ਫਤਿਹਪੁਰ ਕੋਠੀਆਂ ਅਤੇ ਮਾਹਿਲਪੁਰ ਕਾਲਜ ਸੰਪਰਕ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਤਾਬਦੀ ਮੁਹਿੰਮ ਅਤੇ 27 ਫਰਵਰੀ ਦੇ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ।
ਕਮੇਟੀ ਦੇ ਪਰਿਵਾਰ ਨਾਲ ਜੁੜੇ ਸੀਤਾ ਰਾਮ ਬਾਂਸਲ ਨੇ ਦੱਸਿਆ ਕਿ ਉਹ ਦੋਆਬਾ ਖੇਤਰ ਅਤੇ ਪਰਦੇਸ ਵਸਦੇ ਪਰਿਵਾਰਾਂ ਨਾਲ਼ ਸੰਪਰਕ ਕਰਕੇ ਸ਼ਤਾਬਦੀ ਮੁਹਿੰਮ ਦੀ ਸਫ਼ਲਤਾ ਲਈ ਤਾਂ ਕਮਰਕੱਸੇ ਕਸਕੇ ਲੱਗੇ ਹੀ ਹੋਏ ਹਨ ਇਸ ਤੋਂ ਵੀ ਵੱਡਮੁੱਲੀ ਗੱਲ ਇਹ ਹੈ ਕਿ ਉਹ ਬੱਬਰ ਅਕਾਲੀ ਲਹਿਰ ਦੇ ਅਣਫ਼ੋਲੇ ਵਰਕੇ ਵੀ ਖੋਜ਼ਦੇ ਹੋਏ ਇਸ ਲਹਿਰ ਦੇ ਅਣਛੋਹੇ ਪੱਖ ਸਾਹਮਣੇ ਲਿਆਉਣ ਲਈ ਵੀ ਯਤਨਸ਼ੀਲ ਹਨ। ਤਿਆਰੀ ਮੁਹਿੰਮ ਸਬੰਧੀ ਜਾਇਜ਼ਾ ਲੈਣ ਸਮੇਂ ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਡਾ. ਸੈਲੇਸ਼ ਮੌਜੂਦ ਸਨ।
ਆਪੋ ਆਪਣੇ ਖੇਤਰਾਂ ਵਿੱਚ ਸਮੂਹ ਕਮੇਟੀ ਮੈਂਬਰ 27 ਫਰਵਰੀ ਸਮਾਗਮ ਅਤੇ ਮੁਹਿੰਮ ਲਈ ਵਿਸ਼ੇਸ਼ ਯਤਨ ਜੁਟਾ ਰਹੇ ਹਨ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਬੱਬਰ ਦੇਸ਼ ਭਗਤਾਂ ਦੇ ਵਾਰਸ, ਵਿਦਵਾਨਾਂ, ਲੇਖਕਾਂ ਅਤੇ ਕਾਮਿਆਂ ਨੂੰ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
Click to Follow Babushahi Facebook Page →