ਲੁਧਿਆਣਾ ਦੇ ਭਾਰਤ ਨਗਰ ਚੌਂਕ ’ਚੋਂ ‘ਹੀਰੋ’ ਦੀ ਵਿਦਾਈ, ਹੁਣ ਮੁੜ ਸਥਾਪਿਤ ਹੋਵੇਗਾ ਅਸਲੀ ਹੀਰੋ ‘ਸ਼ਹੀਦ ਮੇਜਰ ਭੁਪਿੰਦਰ ਸਿੰਘ’ ਦਾ ਬੁੱਤ
ਸੁਖਮਿੰਦਰ ਭੰਗੂ
ਲੁਧਿਆਣਾ 25 ਫਰਵਰੀ 2026 - ਲੁਧਿਆਣਾ ਦੇ ਇਤਿਹਾਸਕ ਭਾਰਤ ਨਗਰ ਚੌਂਕ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਖਤਮ ਹੋ ਗਿਆ ਜਦੋਂ ਲੋਕਾਂ ਦੇ ਭਾਰੀ ਵਿਰੋਧ ਅੱਗੇ ਝੁਕਦਿਆਂ ਹੀਰੋ ਸਾਈਕਲ ਵੱਲੋਂ ਲਗਾਇਆ ਗਿਆ ਆਪਣਾ ਸਾਈਕਲ ਮਾਡਲ ਉੱਥੋਂ ਹਟਾ ਲਿਆ ਗਿਆ। ਹੁਣ ਇਸ ਚੌਂਕ ਵਿੱਚ ਜਲਦੀ ਹੀ 1965 ਦੀ ਜੰਗ ਦੇ ਮਹਾਨ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਪੂਰੇ ਮਾਣ-ਸਤਿਕਾਰ ਨਾਲ ਮੁੜ ਸਥਾਪਿਤ ਕੀਤਾ ਜਾਵੇਗਾ।
ਲੋਕ ਸ਼ਕਤੀ ਦੀ ਜਿੱਤ: ਵਿਰੋਧ ਨੇ ਰੰਗ ਲਿਆਂਦਾ
ਭਾਰਤ ਨਗਰ ਚੌਂਕ ਵਿੱਚੋਂ ਸ਼ਹੀਦ ਦੀ ਯਾਦਗਾਰ ਹਟਾ ਕੇ ਨਿੱਜੀ ਕੰਪਨੀ ਦਾ ਪ੍ਰਚਾਰ ਚਿੰਨ੍ਹ ਲਗਾਉਣ ਦਾ ਸ਼ਹਿਰ ਵਾਸੀਆਂ, ਪੀ.ਏ.ਸੀ. (ਮੱਤੇਵਾੜਾ) ਅਤੇ ਸਾਬਕਾ ਸੈਨਿਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇਹ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੈ। ਇਸ ਦੇ ਨਾਲ ਹੀ ਚੌਂਕ ਵਿੱਚ ਲੱਗੇ ਬੋਰਡਾਂ 'ਤੇ ਪੰਜਾਬੀ ਬੋਲੀ ਦੀ ਕੀਤੀ ਗਈ ਅਣਦੇਖੀ ਨੇ ਵੀ ਲੋਕਾਂ ਦੇ ਹਿਰਦੇ ਵਲੂੰਧਰੇ ਸਨ।
ਪ੍ਰਸ਼ਾਸਨ ਅਤੇ NHAI ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ
ਦੋਸ਼ ਲਗਾਏ ਜਾ ਰਹੇ ਹਨ ਕਿ ਹੀਰੋ ਸਾਈਕਲ ਵੱਲੋਂ ਇਹ ਮਾਡਲ ਲਗਾਉਣ ਸਮੇਂ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਸੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ (NHAI) ਵੱਲੋਂ ਵੀ ਨਿਰਧਾਰਿਤ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ। ਵੈਸਟਰਨ ਕਮਾਂਡ ਦੇ ਸਖ਼ਤ ਦਬਾਅ ਅਤੇ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਲੁਧਿਆਣਾ ਪ੍ਰਸ਼ਾਸਨ ਨੇ ਅਖੀਰ ਸ਼ਹੀਦ ਦਾ ਬੁੱਤ ਅਤੇ ਟੈਂਕ ਵਾਪਸ ਲਗਾਉਣ ਦਾ ਫੈਸਲਾ ਸੁਣਾਇਆ।
ਇਤਿਹਾਸਕ ਪਿਛੋਕੜ/ਹਟਾਉਣ ਦਾ ਕਾਰਨ
1997 ਤੋਂ ਪਹਿਲਾਂ, ਇਸ ਚੌਂਕ ਵਿੱਚ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਜੰਗੀ ਟੈਂਕ ਸਥਾਪਿਤ ਸੀ। ਸਾਲ 1997 ਦੇ ਕਰੀਬ ਚੌਂਕ ਵਿੱਚ ਟ੍ਰੈਫਿਕ ਲਾਈਟਾਂ ਲੱਗਣ ਕਾਰਨ ਇਸ ਯਾਦਗਾਰ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ। ਹੁਣ ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਅਸਲੀ 'ਹੀਰੋ' ਦੀ ਵਿਰਾਸਤ ਨੂੰ ਉਸੇ ਸਥਾਨ 'ਤੇ ਬਹਾਲ ਕੀਤਾ ਜਾਵੇਗਾ।ਸ਼ਹਿਰ ਨਿਵਾਸੀਆਂ ਮੁਤਾਬਿਕ ਇਹ ਸਿਰਫ਼ ਇੱਕ ਬੁੱਤ ਦੀ ਵਾਪਸੀ ਨਹੀਂ, ਸਗੋਂ ਸਾਡੇ ਸ਼ਹੀਦਾਂ ਦੇ ਸਤਿਕਾਰ ਅਤੇ ਪੰਜਾਬੀਅਤ ਦੀ ਜਿੱਤ ਹੈ।
Click to Follow Babushahi Facebook Page →