Punjab Breaking: ਰਾਹੁਲ ਗਾਂਧੀ ਪੰਜਾਬ 'ਚ ਕਰਨਗੇ ਸੂਬਾ ਪੱਧਰੀ ਰੈਲੀ
ਕਾਂਗਰਸ ਨੇ ਤਿਆਰੀਆਂ ਲਈ ਹਰਦਿਆਲ ਕੰਬੋਜ ਨੂੰ ਲਾਇਆ ਇੰਚਾਰਜ
Ravi Jakhu
ਚੰਡੀਗੜ੍ਹ/ਬਰਨਾਲਾ 19 ਫਰਵਰੀ 2026: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਵੱਲੋਂ 28 ਫਰਵਰੀ 2026 ਨੂੰ ਬਰਨਾਲਾ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਜਨਤਕ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੰਬੋਧਨ ਕਰਨਗੇ। ਇਹ ਰੈਲੀ ਮੁੱਖ ਤੌਰ 'ਤੇ ਕਿਸਾਨਾਂ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ 'ਤੇ, ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਰੈਲੀ ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਹਨ, ਜਿਨ੍ਹਾਂ ਵਿੱਚ ਕੰਵਰ ਹਰਪ੍ਰੀਤ ਨੂੰ ਭਦੌੜ, ਰਜਿੰਦਰ ਦੀਪਾ ਨੂੰ ਮਹਿਲ ਕਲਾਂ ਜਦੋਂਕਿ ਸਤਨਾਮ ਸਿੰਘ ਸੱਤਾ ਨੁੰ ਬਰਨਾਲਾ ਦਾ ਕੋਆਰਡੀਨੇਟਰ ਲਾਇਆ ਗਿਆ ਹੈ। ਇਸ ਰੈਲੀ ਰਾਹੀਂ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨੀ ਮੁੱਦਿਆਂ 'ਤੇ ਆਪਣੀ ਪਕੜ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਮੇਂ ਲਈ ਸਿਆਸੀ ਸਰਗਰਮੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।