ਕਿਸਾਨ ਯੂਨੀਅਨ ਫਤਿਹ ਦੇ ਆਗੂ ਮੇਜਰ ਸਿੰਘ ਗਿੱਲ ਦੀ ਕਰੰਟ ਲੱਗਣ ਕਾਰਨ ਮੌਤ
ਪੰਜਗਰਾਈਂ ਕਲਾਂ, 19 ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ) :ਭਾਰਤੀ ਕਿਸਾਨ ਯੂਨੀਅਨ ਫਤਿਹ ਦੀ ਪੰਜਗਰਾਈਂ ਕਲਾਂ ਇਕਾਈ ਦੇ ਆਗੂ ਮੇਜਰ ਸਿੰਘ ਗਿੱਲ (55) ਪੁੱਤਰ ਸਵ:ਪ੍ਰੀਤਮ ਸਿੰਘ ਗਿੱਲ ਦੀ ਅੱਜ ਖੇਤ 'ਚ ਪਾਣੀ ਲਾਉਂਦੇ ਸਮੇਂ ਅਚਾਨਕ ਕਰੰਟ ਲੱਗਣ ਨਾਲ਼ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ | ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕੇ ਮੇਜਰ ਸਿੰਘ ਅੱਜ ਸ਼ਾਮ ਦੇ ਸਮੇਂ ਆਪਣੇ ਖੇਤ ਕਣਕ ਦੀ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ ਤਾਂ ਖੇਤ 'ਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੀ ਸਵਿੱਚ 'ਚ ਅਚਾਨਕ ਕਰੰਟ ਆ ਗਿਆ | ਜਿਸ ਕਾਰਨ ਉਹ ਖੇਤ ਵਿਚ ਹੀ ਡਿੱਗ ਪਿਆ, ਉਸਨੂੰ ਬੇਹੋਸ਼ੀ ਦੀ ਹਾਲਾਤ 'ਚ ਪਿੰਡ ਦੇ ਕਲੀਨਿਕ 'ਤੇ ਲਿਆਂਦਾ ਗਿਆ,ਜਿੱਥੇ ਉਸ ਦੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਮਿ੍ਤਕ ਮੇਜਰ ਸਿੰਘ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਇਕ ਬੇਟੀ ਛੱਡ ਗਿਆ | ਜ਼ਿਕਰਯੋਗ ਹੈ ਕਿ ਮਿ੍ਤਕ ਮੇਜਰ ਸਿੰਘ ਦੇ ਮਾਤਾ-ਪਿਤਾ ਅਤੇ ਇਕ ਭਰਾ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਹੁਣ ਮੇਜਰ ਸਿੰਘ ਦੀ ਮੌਤ ਨਾਲ਼ ਪਰਿਵਾਰ ਉੱਤੇ ਹੋਰ ਦੁੱਖਾਂ ਦਾ ਵੱਡਾ ਪਹਾੜ ਡਿੱਗ ਪਿਆ ਹੈ | ਇਸ ਦੁਖਦਾਈ ਖਬਰ ਕਾਰਨ ਸਮੁੱਚੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ |