ਉਭਰਦਾ ਕ੍ਰਿਕਟ ਖਿਡਾਰੀ ਰਿਹਾਨ ਜਿਸ ਤੇ ਹੈ ਪੰਜਾਬ ਦੀ ਟੀਮ ਨੂੰ ਬਹੁਤ ਉਮੀਦਾਂ
ਨੈਸ਼ਨਲ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਇਆ ਤਾਂ ਕੋਚ ਤੇ ਸਾਥੀ ਖਿਡਾਰੀਆਂ ਨੇ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ , 27 ਜਨਵਰੀ 2026 :
ਮਾਰਸ਼ਲ ਕ੍ਰਿਕਟ ਕਲੱਬ ਗੁਰਦਾਸਪੁਰ ਜਿਸ ਨੇ ਦਿਲਪ੍ਰੀਤ ਅਤੇ ਵੈਬਵ ਸੈਣੀ ਵਰਗੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ , ਨੂੰ ਹੁਣ ਇੱਕ ਨਵੇਂ ਉਭਰਦੇ ਖਿਡਾਰੀ ਰਿਹਾਨ ਕਸ਼ਅਪ ਤੇ ਬਹੁਤ ਉਮੀਦਾਂ ਹਨ । 14 ਸਾਲਾ ਰਿਹਾਨ ਕਸ਼ਅਪ ਨੈਸ਼ਨਲ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਦੀ ਟੀਮ ਵਿੱਚ ਬੇਹਦ ਵਧੀਆ ਪ੍ਰਦਰਸ਼ਨ ਕਰਕੇ ਆਇਆ ਹੈ ਤੇ ਚਾਰ ਮੈਚ ਰਿਹਾਨ ਦੀ ਬਦੌਲਤ ਹੀ ਪੰਜਾਬ ਦੀ ਟੀਮ ਨੇ ਜਿੱਤੇ । ਰਿਹਾਨ ਨੇ ਚਾਰਾਂ ਮੈਚਾਂ ਵਿੱਚ ਬੇਹਦ ਵਧੀਆ ਸਕੋਰ ਖੜੇ ਕੀਤੇ , ਜਿਸ ਕਾਰਨ ਪੰਜਾਬ ਦੀ ਟੀਮ ਜਿੱਤ ਹਾਸਲ ਕਰ ਸਕੀ । ਹਾਲਾਂਕਿ ਰਿਹਾਨ ਵੱਲੋਂ 40 ਸਕੋਰ ਬਣਾਉਣ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਦੀ ਟੀਮ ਕੋਲੋਂ ਹਾਰ ਕੇ ਪੰਜਾਬ ਦੀ ਟੀਮ ਫਾਈਨਲ ਵਿੱਚ ਨਹੀਂ ਪਹੁੰਚ ਪਾਈ ਪਰ ਫਿਰ ਵੀ ਟੀਮ ਦਾ ਕੁੱਲ ਮਿਲਾ ਕੇ ਪ੍ਰਦਰਸ਼ਨ ਵਧੀਆ ਰਿਹਾ ।
ਰਿਹਾਨ ਅੱਜ ਆਪਣੇ ਜੱਦੀ ਸ਼ਹਿਰ ਗੁਰਦਾਸਪੁਰ ਵਿੱਚ ਪਹੁੰਚਿਆ ਹੈ ਜਿੱਥੇ ਟੀਮ ਦੇ ਕੋਚ ਪ੍ਰੀਆ , ਰਕੇਸ਼ ਮਾਰਸ਼ਲ ਅਤੇ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੀ ਕ੍ਰਿਕਟ ਪਿੱਚ ਤੇ ਉਸਦੇ ਨਾਲ ਖੇਡਦੇ ਸਾਥੀ ਖਿਡਾਰੀਆਂ ਵੱਲੋਂ ਉਸਦਾ ਸਵਾਗਤ ਕੀਤਾ ਗਿਆ । ਰਿਹਾਨ ਵਿੱਚ ਉਸ ਦੇ ਕੋਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਦੇਖ ਰਹੇ ਹਨ ਅਤੇ ਉਮੀਦ ਹੈ ਕਿ ਉਹ ਆਪਣੀ ਮਿਹਨਤ ਦੀ ਬਦੌਲਤ ਭਾਰਤ ਦੀ ਟੀਮ ਵਿੱਚ ਇੱਕ ਦਿਨ ਜਰੂਰ ਸ਼ਾਮਿਲ ਹੋਏਗਾ । ਉੱਥੇ ਹੀ ਰਿਹਾਨ ਦਾ ਕਹਿਣਾ ਹੈ ਕਿ ਉਹ ਹੋਰ ਵਧੀਆ ਖੇਡਣ ਲਈ ਆਪਣੀ ਪ੍ਰੈਕਟਿਸ ਵਧਾਏਗਾ ।
ਦੱਸ ਦਈਏ ਕਿ ਗੁਰਦਾਸਪੁਰ ਦੇ ਇਸ ਖੇਡ ਮੈਂਦਾਨ ਤੋਂ ਕੈਨੇਡਾ ਦੀ ਟੀਮ ਵਿੱਚ ਕਪਤਾਨ ਬਣੇ ਦਿਲਪ੍ਰੀਤ ਅਤੇ ਕਨੇਡਾ ਦੀ ਟੀਮ ਵਿੱਚ ਖੇਡ ਰਹੇ ਵੈੱਬਵ ਸੈਣੀ ਨੇ ਵੀ ਨਿਕਲ ਕੇ ਅੰਤਰਰਾਸ਼ਟਰੀ ਪੱਧਰ ਤੇ ਕ੍ਰਿਕਟ ਵਿੱਚ ਨਾਮ ਬਣਾਇਆ ਹੈ ।