ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲਾ: ਰਾਏਕੋਟ ਦਾ ਸੀਪੂ ਨਿਕਲਿਆ ਮਾਸਟਰਮਾਈਂਡ, ਪਰਿਵਾਰ ਨੇ ਕਿਹਾ- ਉਹ ਘਟਨਾ ਤੋਂ ਅਣਜਾਣ
ਚੰਡੀਗੜ੍ਹ, 13 ਦਸੰਬਰ 2025- ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਇਸ ਘਟਨਾ ਦੇ ਮਾਸਟਰਮਾਈਂਡ ਦੀ ਪਛਾਣ ਕਰ ਲਈ ਹੈ। ਪੀਟੀਸੀ ਦੀ ਰਿਪੋਰਟ ਅਨੁਸਾਰ, ਮੁਲਜ਼ਮ ਦੀ ਪਛਾਣ ਰਾਏਕੋਟ ਦੇ ਪਿੰਡ ਬ੍ਰਹਮਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੀਪੂ ਵਜੋਂ ਹੋਈ ਹੈ।
ਪੁਲਿਸ ਜਾਂਚ ਅਨੁਸਾਰ, ਇਸ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਸ਼ੈਰੀ ਅਤੇ ਦਿਲਜੋਤ ਨੇ ਸੀਪੂ ਦੇ ਇਸ਼ਾਰੇ 'ਤੇ ਹੀ ਗੋਲੀਬਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਸੀਪੂ ਦਾ ਸਬੰਧ ਗੋਲਡੀ ਢਿੱਲੋਂ ਗੈਂਗ ਨਾਲ ਹੈ।
ਦੂਜੇ ਪਾਸੇ, ਮਾਸਟਰਮਾਈਂਡ ਦੱਸੇ ਜਾ ਰਹੇ ਸੁਖਵਿੰਦਰ ਸਿੰਘ ਸੀਪੂ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਮਾਮਲੇ ਤੋਂ ਅਣਜਾਣਤਾ ਦਾ ਦਾਅਵਾ ਕੀਤਾ। ਸੀਪੂ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 42 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਸੀਪੂ ਨੂੰ ਕੈਨੇਡਾ ਭੇਜਿਆ ਸੀ। ਫਿਲਹਾਲ ਪੁਲਿਸ ਇਸ ਗੈਂਗ ਨਾਲ ਸੀਪੂ ਦੇ ਸਬੰਧਾਂ ਅਤੇ ਫਾਇਰਿੰਗ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।