ਦਿੱਲੀ ਸਰਕਾਰ ਵੱਲੋਂ 25 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾਂਜਲੀ , ਹਰਮੀਤ ਸਿੰਘ ਕਾਲਕਾ ਵੱਲੋਂ ਮੁੱਖ ਮੰਤਰੀ ਰੇਖਾ ਗੁਪਤਾ ਦਾ ਧੰਨਵਾਦ
ਨਵੀਂ ਦਿੱਲੀ 23 ਨਵੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ ਸੂਰਬੀਰਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਦੇ ਪਵਿੱਤਰ ਤੇ ਇਤਿਹਾਸਕ ਮੌਕੇ ਅਗੇ ਸਰਕਾਰ ਵੱਲੋਂ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ।
ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਜੀ ਨੇ 25 ਨਵੰਬਰ, 2025 ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਦਿਆਂ ਸਿੱਖ ਕੌਮ ਦੀ ਸ਼ਹਾਦਤ ਭਰੀ ਵਿਰਾਸਤ ਨੂੰ ਨਮਨ ਕੀਤਾ ਹੈ। ਇਹ ਐਲਾਨ ਦਿੱਲੀ ਵਿੱਚ ਰਹਿੰਦੇ ਹਰ ਨਾਗਰਿਕ ਨੂੰ ਗੁਰੂ ਸਾਹਿਬਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਨ ਅਤੇ ਸਮਾਗਮਾਂ ਵਿੱਚ ਸ਼ਰਧਾ ਨਾਲ ਸ਼ਮੂਲੀਅਤ ਲਈ ਪ੍ਰੇਰਤ ਕਰਦਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਜੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਰਕਾਰੀ ਫ਼ੈਸਲਾ ਗੁਰੂ ਸ਼ਹਾਦਤ ਦੀਆਂ ਸਿਖਿਆਵਾਂ ਨੂੰ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਏਗਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ, ਧਰਮ ਅਤੇ ਅਧਿਕਾਰਾਂ ਦੀ ਰੱਖਿਆ ਦਾ ਪ੍ਰਤੀਕ ਹੈ, ਜਿਸ ਨੂੰ ਹਰ ਵਰਗ ਦਾ ਮਨੁੱਖ ਨਮਨ ਕਰਦਾ ਹੈ।
ਕਾਲਕਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਡੇ ਉਤਸ਼ਾਹ ਤੇ ਆਦਰ ਨਾਲ 23 ਤੋਂ 25 ਨਵੰਬਰ ਤੱਕ ਲਾਲ ਕਿਲ੍ਹਾ ਮੈਦਾਨ ਅਤੇ ਦਿੱਲੀ ਦੇ ਹੋਰ ਸਥਾਨਾਂ ‘ਤੇ ਸਜ ਰਹੇ ਸਮਾਰੋਹਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰੇ ਅਤੇ ਗੁਰੂ ਸਾਹਿਬ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਯਾਦ ਕਰੇ।