ਕੈਬਨਿਟ ਮੰਤਰੀ ਵਜੋਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗਾਂ ---ਸੰਜੀਵ ਅਰੋੜਾ
- ਲੁਧਿਆਣਾ ਪਹੁੰਚਣ ‘ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਗਾਰਡ ਆਫ ਆਨਰ
ਸੁਖਮਿੰਦਰ ਭੰਗੂ
ਲੁਧਿਆਣਾ, 4 ਜੁਲਾਈ 2025 - ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨ.ਆਰ.ਆਈ ਮਾਮਲੇ ਮੰਤਰੀ ਸੰਜੀਵ ਅਰੋੜਾ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਉਨ੍ਹਾਂ ਨੂੰ ਦਿੱਤੀ ਜਿੰਮਵੇਾਰੀ ਨੂੰ ਉਹ ਪੂਰੀ ਸ਼ਿੱਦਤ, ਲਗਨ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ।
ਕੈਬਨਿਟ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਪਹੁੰਚਣ ‘ਤੇ ਸਰਕਟ ਹਾਊਸ ਲੁਧਿਆਣਾ ਵਿਖੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ ਆਨਰ ਦਿੱਤਾ ਗਿਆ।
ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਬਾਖੂਬੀ ਨਿਭਾਉਣਗੇ, ਤਾਂ ਜੋ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰ ਸਕਣ।
ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਮੰਤਰੀ ਅਰੋੜਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿੱਚ ਉਦਯੋਗ ਵੀ ਵਧੇ ਫੁਲੇ ਇਸ ਲਈ ਸੂਬੇ ਵਿੱਚ ਜਿੰਨਾ ਵੀ ਨਿਵੈਸ ਲਿਆ ਸਕੀਏ, ਲਿਆਵਾਂਗੇ। ਸਨਅਤ ਦੀ ਹਰ ਕਿਸਮ ਦੀ ਮੁਸ਼ਕਲ ਨੂੰ ਹੱਲ ਕਰਾਂਗੇ ਤਾਂ ਜੋ ਸੂਬੇ ਦੀ ਸਨਅਤ ਤਰੱਕੀ ਕਰੇ ਅਤੇ ਇੱਥੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਸਨਅਤ ਦੇ ਵੱਧਣ ਨਾਲ ਸਾਡੀ ਟੈਕਸ ਦੀ ਕੁਲੈਕਸ਼ਨ ਵੀ ਵਧੇਗੀ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਵੀ ਇੱਥੇ ਉਦਯੋਗ ਸਥਾਪਿਤ ਕਰਨ ਲਈ ਸੱਦਾ ਦੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਦੀਆਂ ਦਿੱਕਤਾਂ ਨੂੰ ਸਮਝ ਕੇ ਦੂਰ ਕਰਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋੰ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤੇ ਕੰਮਾਂ ਨੂੰ ਪੂਰਾ ਜਲਦ ਪੂਰਾ ਕੀਤਾ ਜਾਵੇਗਾ।। ਉਨ੍ਹਾਂ ਕਿਹਾ ਕਿ ਉਦਯੋਗ ਦੀ ਪ੍ਰਦਰਸ਼ਨੀ ਸੈਂਟਰ ਲਈ ਜਗ੍ਹਾ ਦਾ ਐਲਾਨ ਕਰਕੇ ਜਲਦੀ ਹੀ ਕੰਮ ਸ਼ੁਰੂ ਕਰਾਂਗੇ। ਉਨ੍ਹਾਂ ਨੇ ਹਲਵਾਰਾ ਏਅਰਪੋਰਟ ਬਾਰੇ ਕਿਹਾ ਕਿ ਏਅਰਪੋਰਟ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੀ ਫਾਈਲ ਮਾਨਯੋਗ ਪ੍ਰਧਾਨ ਮੰਤਰੀ ਦੇ ਦਫਤਰ ਪਹੁੰਚ ਚੁੱਕੀ ਹੈ। ਜਦੋਂ ਵੀ ਉਸ ਦੀ ਪ੍ਰਵਾਨਗੀ ਮਿਲਦੀ ਹੈ ਤਾਂ ਹਲਵਾਰਾ ਏਅਰਪੋਰਟ ਚਾਲੂ ਹੋ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਐਨ.ਆਰ.ਆਈ ਮਾਮਲੇ ਵਿਭਾਗ ਦੇ ਮਸਲੇ ਵੀ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।
ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਭਰੋਸਾ ਕਦੇ ਟੁੱਟਣ ਨਹੀਂ ਦੇਣਗੇ ਅਤੇ ਸੂਬੇ ਦੀ ਤਰੱਕੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਸਿਰਤੋੜ ਯਤਨ ਕਰਨਗੇ ।
ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸੰਧਿਆ ਅਰੋੜਾ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਡੀ.ਸੀ.ਪੀ (ਸ਼ਹਿਰੀ) ਰੁਪਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਤੋ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।