ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਕਾਰਵਾਈ ਦੌਰਾਨ 2 ਕਿੱਲੋ 12 ਗ੍ਰਾਮ ਅਫੀਮ ਬਰਾਮਦ
ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 3 ਜੁਲਾਈ 2025 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ, ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਸ੍ਰੀ ਮਨਮੀਤ ਸਿੰਘ ਢਿੱਲੋਂ, ਐਸ.ਪੀ. (ਡੀ) ਅਤੇ ਸ੍ਰੀ ਜਸਪਾਲ ਸਿੰਘ, ਡੀ.ਐਸ.ਪੀ. (ਲੰਬੀ) ਦੀ ਸਿੱਧੀ ਨਿਗਰਾਨੀ ਹੇਠ ਥਾਣਾ ਕਿੱਲਿਆਂਵਾਲੀ ਦੀ ਟੀਮ ਨੇ ਵਿਸ਼ਵਾਸਯੋਗ ਜਾਣਕਾਰੀ ਮਿਲਣ ਉਪਰੰਤ ਇੱਕ ਵੱਡੇ ਅਫੀਮ ਸਪਲਾਇਰ ਨੂੰ ਰੰਗੇ ਹਾਥੀਂ ਕਾਬੂ ਕੀਤਾ।
ਮੁਕਤਸਰ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ਕਿੱਲਿਆਂਵਾਲੀ ਤੋਂ ਵੜਿੰਗਖੇੜਾ ਨੂੰ ਜਾਣ ਵਾਲੇ ਲਿੰਕ ਰੋਡ ਨੇੜੇ ਗਸ਼ਤ ਦੌਰਾਨ ਪੁਲਿਸ ਟੀਮ ਨੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਦੇ ਬੈਗ ਵਿੱਚੋਂ 2 ਕਿਲੋ 12 ਗ੍ਰਾਮ ਅਫੀਮ ਬਰਾਮਦ ਹੋਈ ਹੈ। ਮੁਲਜਮ ਨਸ਼ਾ ਤਸਕਰ ਦੀ ਪਛਾਣ ਘਨਈਆ ਲਾਲ ਪੁੱਤਰ ਪ੍ਰਭੂ ਨਾਲ ਪਿੰਡ ਉੱਚਾਵਦਾ, ਜ਼ਿਲ੍ਹਾ ਝਾਲਾਵਾੜ (ਰਾਜਸਥਾਨ) ਵਜੋਂ ਕੀਤੀ ਗਈ ਹੈ। ਇਸ ਬਰਾਮਦਗੀ ਸਬੰਧੀ ਥਾਣਾ ਕਿੱਲਿਆਂ ਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲਾ ਪਦਾਰਥ ਕਿਸ ਤਰੀਕੇ ਨਾਲ ਅਤੇ ਕਿੱਥੋਂ ਪ੍ਰਾਪਤ ਕੀਤਾ ਗਿਆ ਅਤੇ ਤਫਤੀਸ਼ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਸਫਲਤਾ ਮਿਲਣ ਦੀ ਆਸ ਹੈ।