ਰੇਪ-ਕਤਲ ਮਾਮਲੇ 'ਚ ਰਣਜੀਤ ਸਿੰਘ ਢੱਡਰੀਆਂਵਾਲਾ ਦੀਆਂ ਵਧੀਆਂ ਮੁਸ਼ਕਿਲਾਂ
ਚੰਡੀਗੜ੍ਹ , 3 ਜੁਲਾਈ 2025 : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਵਿਰੁੱਧ ਚੱਲ ਰਹੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਮੈਜਿਸਟ੍ਰੇਟ ਵੱਲੋਂ ਪੁਲਿਸ ਦੀ ਕਲੋਜ਼ਰ ਰਿਪੋਰਟ 'ਤੇ ਅਸੰਤੁਸ਼ਟੀ ਜਤਾਈ ਗਈ ਹੈ ਅਤੇ ਇਹ ਮਾਮਲਾ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਮੁਕਰਰ ਕੀਤੀ ਹੈ।
ਐਡਵੋਕੇਟ ਨਵਨੀਤ ਕੌਰ ਵੜੈਚ ਨੇ ਦੱਸਿਆ ਕਿ 2012 ਵਿੱਚ ਪਟਿਆਲਾ ਸਥਿਤ ਆਸ਼ਰਮ ਵਿੱਚ ਇੱਕ ਕੁੜੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਦੇ ਦੋਸ਼ ਲਗੇ ਸਨ। ਮ੍ਰਿਤਕ ਦੇ ਭਰਾ ਵੱਲੋਂ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਸਆਈਟੀ ਰਾਹੀਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ ਨੇ ਪਹਿਲਾਂ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਥਾਨਕ ਪੁਲਿਸ ਨੂੰ ਜਾਂਚ ਕਰਕੇ ਰਿਪੋਰਟ ਮੈਜਿਸਟ੍ਰੇਟ ਕੋਲ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਮੈਜਿਸਟ੍ਰੇਟ ਨੇ ਪੁਲਿਸ ਦੀ ਜਾਂਚ ਰਿਪੋਰਟ 'ਤੇ ਅਸੰਤੁਸ਼ਟੀ ਜਤਾਉਂਦੇ ਹੋਏ ਮਾਮਲਾ ਹਾਈ ਕੋਰਟ ਨੂੰ ਭੇਜ ਦਿੱਤਾ ਹੈ। ਹੁਣ ਹਾਈ ਕੋਰਟ ਨੇ ਪਟੀਸ਼ਨਰ ਨੂੰ ਅਗਲੀ ਸੁਣਵਾਈ 'ਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਹੈ।
ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ 22 ਅਪ੍ਰੈਲ 2012 ਨੂੰ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਡੇਰੇ 'ਤੇ ਕੁੜੀ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਬਲਾਤਕਾਰ ਕੀਤਾ ਗਿਆ ਸੀ। ਮ੍ਰਿਤਕ ਲੜਕੀ 2002 ਤੋਂ ਢੱਡਰੀਆਂਵਾਲਾ ਦੀ ਪੈਰੋਕਾਰ ਸੀ।
ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ ਅਤੇ ਹੁਣ ਹਾਈ ਕੋਰਟ ਵੱਲੋਂ ਆਉਣ ਵਾਲੇ ਹੁਕਮਾਂ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।