ਚੇਅਰਮੈਨ ਮਹਿਤਾ ਨੇ ਕੀਤਾ ਅੰਤਰਰਾਸ਼ਟਰੀ ਤਮਗਾ ਜੇਤੂ ਅਰਜੁਨ ਦਾ ਸਨਮਾਨ
-ਕਾਮਨਵੈਲਥ ਫੈਂਸਿੰਗ ਚੈਂਪਿਅਨਸ਼ਿਪ ’ਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ
-ਮਹਿਤਾ ਨੇ ਫੈਂਸਿੰਗ ਸਕੋਰਿੰਗ ਮਸ਼ੀਨ ਲਈ ਢਾਈ ਲੱਖ ਰੁਪਏ ਕੀਤੇ ਪ੍ਰਵਾਨ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 17 ਅਗਸਤ, 2026 : ਨਾਈਜੀਰੀਆ ਦੇ ਲਾਗੋਸ ਸ਼ਹਿਰ ਵਿਖੇ ਸੰਪੰਨ ਹੋਈ ਕਾਮਨਵੈਲਥ ਫੈਂਸਿੰਗ ਚੈਂਪਿਅਨਸ਼ਿਪ ਦੇ ਫੋਇਲ ਇਵੈਂਟ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਅਤੇ ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੇ ਫੈਂਸਿੰਗ ਖਿਡਾਰੀ ਅਰਜੁਨ ਵਰਮਾ ਦਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਸਨਮਾਨ ਕੀਤਾ ਗਿਆ।
ਤੇਜਿੰਦਰ ਮਹਿਤਾ ਨੇ ਅਰਜੁਨ ਵਰਮਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਰਜੁਨ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਖੇਡਾਂ ਦੀ ਧਰਤੀ ਹੈ ਅਤੇ ਅਰਜੁਨ ਵਰਗੇ ਖਿਡਾਰੀ ਆਪਣੀਆਂ ਪ੍ਰਾਪਤੀਆਂ ਨਾਲ ਇਸ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਜੁਨ ਦੀ ਸਫਲਤਾ ਪਟਿਆਲਾ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਅਰਜੁਨ ਵਰਮਾ ਇਸ ਤੋਂ ਪਹਿਲਾਂ ਫੈਂਸਿੰਗ ਵਰਲਡ ਕੱਪ ਅਤੇ ਏਸ਼ੀਅਨ ਗੇਮਜ਼-2023 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਪਿਛਲੇ ਸਾਲਾਂ ਦੌਰਾਨ ਉਸਨੇ ਕਈ ਰਾਸ਼ਟਰੀ ਪੱਧਰ ਦੀਆਂ ਫੈਂਸਿੰਗ ਪ੍ਰਤੀਯੋਗਿਤਾਵਾਂ ਵਿੱਚ ਵੀ ਤਮਗੇ ਹਾਸਲ ਕੀਤੇ ਹਨ। ਪਟਿਆਲਾ ਦਾ ਵਸਨੀਕ ਅਰਜੁਨ ਇਸ ਸਮੇਂ ਖੇਡ ਵਿਭਾਗ ਵਿੱਚ ਫੈਂਸਿੰਗ ਕੋਚ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਨੌਜਵਾਨ ਖਿਡਾਰੀਆਂ ਨੂੰ ਫੈਂਸਿੰਗ ਦੀ ਸਿਖਲਾਈ ਦੇ ਰਿਹਾ ਹੈ।
ਅਰਜੁਨ ਵਰਮਾ ਦੀ ਮੰਗ ’ਤੇ ਉਸਦੇ ਵਿਦਿਆਰਥੀਆਂ ਲਈ ਫੈਂਸਿੰਗ ਦੀ ਸਕੋਰਿੰਗ ਮਸ਼ੀਨ (ਅਪਰੇਟਸ) ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਫੰਡ ਵਿੱਚੋਂ ਢਾਈ ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਇਹ ਰਾਸ਼ੀ ਜਲਦ ਹੀ ਖੇਡ ਵਿਭਾਗ ਨੂੰ ਜਾਰੀ ਕਰ ਦਿੱਤੀ ਜਾਵੇਗੀ। ਤੇਜਿੰਦਰ ਮਹਿਤਾ ਨੇ ਕਿਹਾ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਬਿਹਤਰ ਸਿਖਲਾਈ ਅਤੇ ਅਭਿਆਸ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਟੇਟ ਐਵਾਰਡੀ ਰੰਗਕਰਮੀ ਗੁਲਜ਼ਾਰ ਪਟਿਆਲਵੀ, ਐਕਸ ਪੁਲਸ ਪੈਸ਼ਨਰਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੂਪਿੰਦਰ ਸਿੰਘ ਵੜੈਚ, ਟ੍ਰੇਡ ਕਮਿਸ਼ਨ ਦੇ ਮੈਂਬਰ ਨਿਰਮਲ ਝਨੇੜੀ ਅਤੇ ਸਮਾਜ ਸੇਵੀ ਗਗਨ ਪਾਂਧੀ ਹਾਜ਼ਰ ਸਨ।