ਪੈਰਾ ਬੈਡਮਿੰਟਨ ਖਿਡਾਰਨ ਸ਼ਬਾਨਾ ਦੀਆਂ ਤਿਆਰੀਆਂ ਮੁਕੰਮਲ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਮਦਦ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਬਾਨਾ ਨੂੰ ਵਿੱਤੀ ਸਹਾਇਤਾ ਭੇਂਟ ਕਰਦਿਆਂ ਵਿਸ਼ਵ ਪੱਧਰ 'ਤੇ ਜਿੱਤ ਲਈ ਦਿੱਤੀਆਂ ਸ਼ੁਭਕਾਮਨਾਵਾਂ
-ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤ ਨਾਲ ਏਸ਼ੀਅਨ ਗੇਮਜ਼ 2026 ਲਈ ਰਾਹ ਹੋਵੇਗਾ ਪੱਧਰਾ
ਸੁਖਮਿੰਦਰ ਭੰਗੂ
ਲੁਧਿਆਣਾ, 27 ਜਨਵਰੀ 2026
ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰਨ ਸ਼ਬਾਨਾ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ਼ਬਾਨਾ ਨੂੰ ਬਹਿਰੀਨ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ ਲਈ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ ਗਏ।
ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਯੋਗਦਾਨ
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਐਨ.ਜੀ.ਓ. ਫਿਲਨਥਰੋਪੀ ਕਲੱਬ ਦੀ ਪ੍ਰਧਾਨ ਸ੍ਰੀਮਤੀ ਲਖਵਿੰਦਰ ਕੌਰ ਅਤੇ ਪ੍ਰੋਜੈਕਟ ਅਮੋਦਨੀ (ਵਰਸਟਾਈਲ ਗਰੁੱਪ) ਤੋਂ ਸ੍ਰੀਮਤੀ ਗੀਤਾਂਜਲੀ ਸੇਠ ਵੀ ਮੌਜੂਦ ਸਨ। ਇਨ੍ਹਾਂ ਸੰਸਥਾਵਾਂ ਨੇ ਸਾਂਝੇ ਤੌਰ 'ਤੇ ਸ਼ਬਾਨਾ ਨੂੰ 08 ਤੋਂ 14 ਫਰਵਰੀ ਤੱਕ ਹੋਣ ਵਾਲੀ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਦੀ ਫੀਸ, ਵੀਜ਼ਾ ਖਰਚਾ ਅਤੇ ਆਉਣ-ਜਾਣ ਦੀਆਂ ਹਵਾਈ ਟਿਕਟਾਂ ਲਈ ਵਿੱਤੀ ਸਪੋਰਟ ਪ੍ਰਦਾਨ ਕੀਤੀ ਹੈ।
ਹਿਮਾਂਸ਼ੂ ਜੈਨ ਨੇ ਸ਼ਬਾਨਾ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ, "ਸ਼ਬਾਨਾ ਨੇ ਆਪਣੀ ਮਿਹਨਤ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਜੇਕਰ ਉਹ ਬਹਿਰੀਨ ਵਿੱਚ ਜਿੱਤ ਹਾਸਲ ਕਰਦੀ ਹੈ, ਤਾਂ ਉਹ ਏਸ਼ੀਅਨ ਗੇਮਜ਼ 2026 ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਜਾਵੇਗੀ।"
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਹਮੇਸ਼ਾ ਅਜਿਹੇ ਹੋਣਹਾਰ ਖਿਡਾਰੀਆਂ ਦੇ ਨਾਲ ਖੜ੍ਹੇ ਹਨ ਤਾਂ ਜੋ ਆਰਥਿਕ ਤੰਗੀ ਕਿਸੇ ਦੀ ਪ੍ਰਤਿਭਾ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਉਨ੍ਹਾਂ ਹੋਰਨਾਂ ਐਨ.ਜੀ.ਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ।
ਅੰਤਰਰਾਸ਼ਟਰੀ ਖਿਡਾਰਨ ਸ਼ਬਾਨਾ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਹਿਯੋਗੀ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ। ਉਸ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਦੇਸ਼ ਦੀ ਝੋਲੀ ਵਿੱਚ ਮੈਡਲ ਪਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
ਇਸ ਮੌਕੇ ਇੰਡੀਅਨ ਰੈਡ ਕਰਾਸ ਸੁਸਾਇਟੀ ਲੁਧਿਆਣਾ ਦੇ ਸਕੱਤਰ ਨਵਨੀਤ ਜੋਸ਼ੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।