ਜਗਰਾਓਂ! ਕਮਾਲਪੁਰਾ 'ਚ ਕਰੋੜਾਂ ਦੀਆਂ ਗਰਾਂਟਾਂ ਦੇ ਦਾਅਵਿਆਂ ਦੇ ਬਾਵਜੂਦ ਵਿਕਾਸ ਕਾਰਜਾਂ ’ਤੇ ਉੱਠੇ ਸਵਾਲ; ਪਿੰਡ ਵਾਸੀਆਂ ਨੇ DC ਨੂੰ ਕੀਤੀ ਸ਼ਿਕਾਇਤ
ਸਕੂਲ ਵਿੱਚ ਅਧਿਆਪਕਾਂ ਦੀ ਘਾਟ, ਪੀਣ ਵਾਲੇ ਸਾਫ਼ ਪਾਣੀ, ਰਾਸ਼ਨ ਡਿਪੂ ਅਤੇ ਸਿਹਤ ਸਹੂਲਤਾਂ ਦੀ ਮੰਗ; ਵਿਧਾਇਕਾ ਮਾਣੂੰਕੇ ਨੇ ਵਿਕਾਸ ਕਾਰਜ ਹੋਣ ਦਾ ਕੀਤਾ ਦਾਅਵਾ
ਦੀਪਕ ਜੈਨ
ਜਗਰਾਉਂ/ਲੁਧਿਆਣਾ 19 ਨਵੰਬਰ 2026- ਤਹਿਸੀਲ ਜਗਰਾਉਂ ਅਧੀਨ ਪੈਂਦੇ ਪਿੰਡ ਕਮਾਲਪੁਰਾ ਵਿੱਚ ਵਿਕਾਸ ਕਾਰਜਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਵਾਰਡ ਨੰਬਰ-1, ਪੱਤੀ ਬਾਬਾ ਜੀਵਨ ਸਿੰਘ ਦੇ ਵਸਨੀਕਾਂ ਅਤੇ ਹੋਰ ਪਿੰਡ ਵਾਸੀਆਂ ਨੇ ਪੰਚਾਇਤ ਤੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਲਿਖਤੀ ਬੇਨਤੀ ਪੱਤਰ ਸੌਂਪਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਰੋੜਾਂ ਰੁਪਏ ਦੀਆਂ ਗਰਾਂਟਾਂ ਮਿਲਣ ਦੇ ਦਾਅਵਿਆਂ ਦੇ ਬਾਵਜੂਦ ਕਈ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ।
ਪਿੰਡ ਵਾਸੀਆਂ ਅਨੁਸਾਰ, ਕਮਾਲਪੁਰਾ ਵਿੱਚ ਹੁਣ ਤੱਕ ਪੰਜ ਕਰੋੜ ਰੁਪਏ ਦੀਆਂ ਗਰਾਂਟਾਂ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਲੋਕ ਮਿਲਣੀ ਦੌਰਾਨ ਸਰਕਾਰੀ ਸਕੂਲ ਲਈ 70 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਹਾਲਾਂਕਿ, ਦੂਜੇ ਪਾਸੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਸਰਕਾਰੀ ਸਕੂਲ (ਲੜਕੇ) ਵਿੱਚ ਹਿੰਦੀ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਕੂਲ ਦਾ "ਸੂਚਨਾ ਬੋਰਡ" ਪਿਛਲੇ ਸੱਤ-ਅੱਠ ਸਾਲਾਂ ਤੋਂ ਟੁੱਟਿਆ ਹੋਇਆ ਹੈ, ਪਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ। ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਦੌਰਾਨ ਬੱਚਿਆਂ ਤੋਂ ਮਜ਼ਦੂਰੀ ਕਰਵਾਏ ਜਾਣ ਦੇ ਵੀ ਗੰਭੀਰ ਦੋਸ਼ ਲਾਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸ ਤੋਂ ਇਲਾਵਾ ਪਿਛਲੇ ਸਾਲ ਗੁਰਪੁਰਬ ਮੌਕੇ ਮੱਲਾਂ ਪੱਤੀ ਵਾਲੇ ਰਸਤੇ ਦਾ ਕੰਮ ਸ਼ੁਰੂ ਕਰਵਾਉਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ।
ਵਾਰਡ ਨੰਬਰ-1 ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਮੁਹੱਲੇ ਵਿੱਚ ਵੱਖਰਾ ਰਾਸ਼ਨ ਡਿਪੂ ਬਣਾਇਆ ਜਾਵੇ, ਕਿਉਂਕਿ ਔਰਤਾਂ ਨੂੰ ਸਰਕਾਰੀ ਕਣਕ ਲੈਣ ਲਈ ਲਗਭਗ ਦੋ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਗ਼ਮੀ-ਖ਼ੁਸ਼ੀ ਦੇ ਸਮਾਗਮਾਂ ਲਈ ਸਾਂਝਾ ਸ਼ੈੱਡ, ਲੋੜਵੰਦ ਪਰਿਵਾਰਾਂ ਦੇ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਗਰਾਂਟ, ਸਾਫ਼ ਪੀਣ ਵਾਲੇ ਪਾਣੀ ਲਈ ਆਰ.ਓ. ਪ੍ਰਬੰਧ ਅਤੇ ਮੁਹੱਲਾ ਕਲੀਨਿਕ ਜਾਂ ਡਿਸਪੈਂਸਰੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਛੱਪੜ ਨੇੜੇ ਹੋਣ ਕਾਰਨ ਗੰਦੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ।
ਵਿਧਾਇਕਾ ਨੇ ਵਿਕਾਸ ਕਾਰਜ ਹੋਣ ਦਾ ਕੀਤਾ ਦਾਅਵਾ
ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਿੰਡ ਵਿੱਚ ਵਿਕਾਸ ਕਾਰਜ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਦੋ ਮੋਟਰਾਂ ਲਗਾਈਆਂ ਗਈਆਂ ਹਨ ਅਤੇ 10 ਤੋਂ 12 ਨਵੇਂ ਘਰ ਬਣਾਏ ਗਏ ਹਨ। ਉਨ੍ਹਾਂ ਅਨੁਸਾਰ ਇੱਕ ਘਰ ਨੂੰ 40 ਹਜ਼ਾਰ ਰੁਪਏ ਅਤੇ ਬਾਕੀ ਘਰਾਂ ਨੂੰ ਇੱਕ ਲੱਖ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਵਿਧਾਇਕਾ ਨੇ ਕਿਹਾ ਕਿ ਪਿੰਡ ਵਿੱਚ ਪੂਰਾ ਵਿਕਾਸ ਹੋਇਆ ਹੈ ਅਤੇ ਵਿਕਾਸ ਨਾ ਹੋਣ ਸਬੰਧੀ ਸ਼ਿਕਾਇਤਾਂ ਕਰਨ ਵਾਲੇ ਵਿਅਕਤੀ ਦੇ ਦੋਸ਼ ਗ਼ਲਤ ਹਨ।
- Download Babushahi App
-
-