ਸ੍ਰੀ ਗੁਰੂ ਰਵੀਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੀ ਬਾਣੀ ਸੰਬੰਧੀ ਸੈਮੀਨਾਰ
ਪ੍ਰਮੋਦ ਭਾਰਤੀ
ਬਾਬੂਸ਼ਾਹੀ ਬਿਊਰੋ
ਸ੍ਰੀ ਅਨੰਦਪੁਰ ਸਾਹਿਬ 27 ਅਪ੍ਰੈਲ, 2026
ਸਰਕਾਰੀ ਕਾਲਜ ਮਹੈਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਉੱਤੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਸ੍ਰੀ ਗੁਰੂ ਰਵੀਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੀ ਬਾਣੀ ਅਤੇ ਸਮਾਜਿਕ ਸਮਾਨਤਾ ਸੰਬੰਧੀ ਵਿਚਾਰ ਉੱਤੇ ਸੈਮੀਨਾਰ ਕਰਵਾਈਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਰਮਨਦੀਪ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਲਗਭਗ 1450 ਈਸਵੀ ਵਿੱਚ ਵਾਰਾਣਸੀ ਦੇ ਨੇੜੇ ਸੀਰ ਗੋਵਰਧਨਪੁਰ ਵਿਖੇ ਹੋਇਆ ਸੀ । ਉਨ੍ਹਾਂ ਦੇ ਪਿਤਾ ਸੰਤੋਕ ਦਾਸ ਅਤੇ ਮਾਤਾ ਕਰਮਾ ਦੇਵੀ ਸਨ, ਅਤੇ ਉਹ ਇੱਕ ਨਿਮਾਣੇ ਦਲਿਤ ਪਰਿਵਾਰ ਵਿੱਚ ਪੈਦਾ ਹੋਏ ਸਨ। ਬਚਪਨ ਤੋਂ ਹੀ ਗੁਰੂ ਜੀ ਧਾਰਮਿਕ ਸੁਭਾਉ ਦੇ ਸਨ ਅਤੇ ਹਰ ਸਮੇਂ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਰਵੀਦਾਸ ਜੀ ਦੀਆਂ 41 ਰਚਨਾਵਾਂ ਦਰਜ਼ ਹਨ। ਉਨ੍ਹਾਂ ਦੀ ਬਾਣੀ ਉੱਚ ਕੋਟੀ ਦੀ, ਪਵਿੱਤਰ ਅਤੇ ਸਮਾਜ ਨੂੰ ਸਹੀ ਮਾਰਗ ਦਿਖਾਉਣ ਵਾਲੀ ਹੈ। ਉਨ੍ਹਾਂ ਨੇ ਆਪਣੇ ਜੀਵਨ ਰਾਹੀਂ ਸਮਾਜਿਕ ਸਮਾਨਤਾ ਦਾ ਸੰਦੇਸ਼ ਦਿੱਤਾ। ਉਸ ਸਮੇਂ ਦੇ ਸਮਾਜ ਵਿਚ ਜਾਤ-ਪਾਤ ਅਤੇ ਉੱਚ-ਨੀਚ ਦਾ ਭੇਦ ਬਹੁਤ ਜ਼ਿਆਦਾ ਸੀ, ਪਰ ਗੁਰੂ ਜੀ ਨੇ ਇਸ ਭੇਦਭਾਵ ਦੀ ਸਖ਼ਤ ਆਲੋਚਨਾ ਕੀਤੀ। ਗੁਰੂ ਜੀ ਕਹਿੰਦੇ ਸਨ ਕਿ ਹਰ ਮਨੁੱਖ ਇੱਕੋ ਪਰਮਾਤਮਾ ਦੀ ਰਚਨਾ ਹੈ, ਇਸ ਲਈ ਕੋਈ ਵੀ ਜਾਤ, ਧਰਮ, ਭਾਸ਼ਾ, ਨਸਲ, ਰੰਗ ਅਤੇ ਅਮਾਰੀ ਜਾਂ ਗਰੀਬੀ ਦੇ ਆਧਾਰ 'ਤੇ ਛੋਟਾ ਜਾਂ ਵੱਡਾ ਨਹੀਂ ਹੁੰਦਾ। ਦੂਜੇ ਸਥਾਨ ਤੇ ਆਉਣ ਵਾਲੇ ਬੀ. ਏ ਭਾਗ ਦੂਜਾ ਦੀ ਜਗਦੀਪ ਕੌਰ ਨੇ ਕਿਹਾ ਕਿ ਗੁਰੂ ਜੀ ਦੀ ਸਿੱਖਿਆ ਸੀ ਕਿ ਮਨੁੱਖ ਦੀ ਅਸਲ ਪਛਾਣ ਉਸਦੇ ਚੰਗੇ ਕਰਮਾਂ ਅਤੇ ਚੰਗੇ ਸੁਭਾਅ ਤੋਂ ਹੁੰਦੀ ਹੈ। ਗੁਰੂ ਜੀ ਨੇ ਮਨੁੱਖ ਨੂੰ ਹਮੇਸ਼ਾ ਮਨ ਦੀ ਪਵਿੱਤਰਤਾ , ਸੱਚਾਈ, ਨਿਮਰਤਾ, ਇਮਾਨਦਾਰੀ ਅਤੇ ਪਿਆਰ ਦੇ ਮਾਰਗ ਉੱਤੇ ਚੱਲਣ ਦੀ ਸਿੱਖਿਆ ਦਿੱਤੀ । ਗੁਰੂ ਜੀ ਨੇ "ਬੇਗਮਪੁਰਾ" ਦੀ ਉਦਾਹਰਣ ਦਿੱਤੀ। ਬੇਗਮਪੁਰਾ ਸਮਾਨਤਾ ਅਤੇ ਨਿਆਂ 'ਤੇ ਅਧਾਰਤ ਇੱਕ ਆਦਰਸ਼ ਸਮਾਜ ਹੈ, ਜਿੱਥੇ ਕੋਈ ਦੁੱਖ, ਵਾਧੂ ਟੈਕਸ, ਜ਼ੁਲਮ ਅਤੇ ਭੇਦਭਾਵ ਨਹੀਂ ਹੁੰਦਾ। ਉੱਥੇ ਹਰ ਇੱਕ ਮਨੁੱਖ ਮੇਹਨਤ , ਈਮਾਨਦਾਰੀ , ਸਬਰ ਅਤੇ ਅਨੰਦ ਨਾਲ ਜੀਵਨ ਬਤੀਤ ਕਰਦਾ ਹੈ। ਤੀਜੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਗੁਰੂ ਜੀ ਦਾ ਸੁਨੇਹਾ ਸੀ ਕਿ ਸੱਚੀ ਸਮਾਜਿਕ ਤਰੱਕੀ ਉਦੋਂ ਹੀ ਸੰਭਵ ਹੈ ,ਜਦੋਂ ਸਾਰੇ ਮਨੁੱਖਾਂ ਨਾਲ ਬਰਾਬਰ ਵਿਵਹਾਰ ਕੀਤਾ ਜਾਵੇ ਅਤੇ ਸਭ ਨੂੰ ਸਮਾਨਤਾ , ਪਿਆਰ ਅਤੇ ਸਤਿਕਾਰ ਮਿਲੇ । ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ, ਜਾਤੀਵਾਦ ਅਤੇ ਅਨਿਆ ਦੇ ਵਿਰੁੱਧ ਅਵਾਜ ਚੁੱਕੀ ਅਤੇ ਸਾਦਗੀ ਭਰੇ ਜੀਵਨ ਨਾਲ ਲੋਕਾਂ ਨੂੰ ਸੱਚ ਅਤੇ ਧਰਮ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ : ਬੌਬੀ , ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਦਾ ਯੋਗਦਾਨ ਸਲਾਘਾਯੋਗ ਸੀ।
Click to Follow Babushahi Facebook page →