ਬਠਿੰਡਾ ਜ਼ਿਲ੍ਹੇ ਦੇ ਬਾਸ਼ਿੰਦਿਆਂ ਨੂੰ ਨੂੰ ਮਰਦਮਸ਼ੁਮਾਰੀ ਸਬੰਧੀ ਸਹੀ ਜਾਣਕਾਰੀਆਂ ਦੇਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 23 ਅਪ੍ਰੈਲ 2026 : ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰਦਮਸ਼ੁਮਾਰੀ 2027 ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਬਠਿੰਡਾ ਸ਼ਹਿਰ ਦੇ ਅੰਦਰ ਬਣਾਏ ਗਏ ਬਲਾਕਾਂ ਵਿੱਚ ਮੁੱਢਲੇ ਪੜਾਅ ਤਹਿਤ ਹਾਊਸ ਲਿਸਟਿੰਗ ਆਪਰੇਸ਼ਨ ਲਈ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਸਬੰਧੀ ਟ੍ਰੇਨਿੰਗ ਕੈਂਪ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਨੇੜੇ ਜੋਗਰ ਪਾਰਕ ਵਿਖੇ ਕਰਵਾਇਆ ਗਿਆ ਹੈ, ਜੋ ਕਿ ਮਿਤੀ 21 ਅਪ੍ਰੈਲ ਤੋਂ ਸ਼ੁਰੂ ਹੋ ਕੇ 05 ਮਈ 2026 ਤੱਕ ਚੱਲੇਗਾ।
ਇਹ ਟਰੇਨਿੰਗ ਤਿੰਨ-ਤਿੰਨ ਦਿਨਾਂ ਲਈ ਚਾਰ ਵੱਖ-ਵੱਖ ਗਰੁੱਪਾਂ/ਬਲਾਕਾਂ ਵਿੱਚ ਪ੍ਰਾਜੈਕਟ ਰਾਹੀਂ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਟਰੇਨਿੰਗ ਦਾ ਉਦੇਸ਼ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਮਰਦਮਸ਼ੁਮਾਰੀ ਸਬੰਧੀ ਮੁਢਲੇ ਪੜਾਅ ਲਈ ਤਿਆਰ ਕਰਨਾ ਹੈ ਤਾਂ ਜੋ ਕੰਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੰਜ਼ਾਮ ਦਿੱਤਾ ਜਾ ਸਕੇ। ਸੋਮਵਾਰ ਟਰੇਨਿੰਗ ਦੌਰਾਨ ਲਗਭਗ ਸਾਰਾ ਸਟਾਫ ਹਾਜ਼ਰ ਰਿਹਾ।
ਹਾਲਾਂਕਿ ਕੁਝ ਕਰਮਚਾਰੀ ਟ੍ਰੇਨਿੰਗ ਵਿੱਚ ਹਾਜ਼ਰ ਨਹੀਂ ਹੋਏ, ਜਿਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਅਜਿਹੇ ਕਰਮਚਾਰੀਆਂ ਦੇ ਪਿੱਤਰੀ ਵਿਭਾਗਾਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ ਹੈ ਅਤੇ ਸੈਸੰਸ ਐਕਟ 19 ਦੀਆਂ ਧਾਰਾਵਾਂ ਅਧੀਨ ਸਖਤ ਕਾਰਵਾਈ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਗੈਰ-ਹਾਜ਼ਰ ਰਹਿਣ ਵਾਲੇ ਗਿਣਤੀਕਾਰਾਂ/ਸੁਪਰਵਾਈਜਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਬਠਿੰਡਾ ਸ਼ਹਿਰ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਰਦਮਸ਼ੁਮਾਰੀ-2027 ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ਹੈ, ਜਿਸ ਦੇ ਆਧਾਰ ’ਤੇ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਲਈ ਵੱਖ-ਵੱਖ ਸਕੀਮਾਂ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਕਰਕੇ ਗਿਣਤੀਕਾਰਾਂ ਵੱਲੋਂ ਮਰਦਮਸ਼ੁਮਾਰੀ ਦੌਰਾਨ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਅਤੇ ਪੂਰੇ ਜਵਾਬ ਦਿੱਤੇ ਜਾਣ ਅਤੇ ਹਰ ਇਕ ਘਰ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
Click to Follow Babushahi Facebook page →