ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਵਿਰੋਧ ਕਰਕੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਮਹਿਲਾਵਾਂ ਨਾਲ ਧੋਖਾ ਕੀਤਾ: ਫਤਿਹ ਸਿੰਘ ਬਾਜਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਅਪ੍ਰੈਲ, 2026
ਅੱਜ ਸਰਦਾਰ ਫਤਿਹ ਸਿੰਘ ਬਾਜਵਾ, ਵਾਈਸ ਪ੍ਰਧਾਨ, ਭਾਜਪਾ ਪੰਜਾਬ ਅਤੇ ਸਾਬਕਾ ਵਿਧਾਇਕ, ਵੱਲੋਂ ਭਾਜਪਾ ਦਫ਼ਤਰ ਬਲਾਚੌਰ ਵਿਖੇ ਮਹਿਲਾ ਰਿਜ਼ਰਵੇਸ਼ਨ ਬਿੱਲ ਸਬੰਧੀ ਪ੍ਰੈਸ ਕਾਨਫਰੰਸ ਕੀਤੀ।
ਇਸ ਮੌਕੇ ਸਰਦਾਰ ਫਤਿਹ ਸਿੰਘ ਬਾਜਵਾ ਨੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ, ਜਿਸ ਦੇ ਤਹਿਤ ਲੋਕ ਸਭਾ,ਰਾਜ ਸਭਾਵਾਂ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33% ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਭਾਰਤ ਦੀ ਲੋਕਤੰਤਰਕ ਇਤਿਹਾਸ ਵਿੱਚ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਨੇ ਦਰਸਾਇਆ ਕਿ ਇਸ ਵੇਲੇ ਦੇਸ਼ ਦੀ ਲੋਕ ਸਭਾ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਲਗਭਗ 14-15% ਦੇ ਕਰੀਬ ਹੈ, ਜਦਕਿ ਕਈ ਰਾਜ ਵਿਧਾਨ ਸਭਾਵਾਂ ਵਿੱਚ ਇਹ ਅੰਕੜਾ 10% ਤੋਂ ਵੀ ਘੱਟ ਹੈ। ਪੰਜਾਬ ਵਿੱਚ ਵੀ ਮਹਿਲਾਵਾਂ ਦੀ ਨੁਮਾਇੰਦਗੀ ਕਾਫੀ ਸੀਮਿਤ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜੇ 33% ਰਿਜ਼ਰਵੇਸ਼ਨ ਲਾਗੂ ਹੁੰਦਾ ਹੈ ਤਾਂ ਲਗਭਗ ਹਰ ਤੀਜੀ ਸੀਟ ’ਤੇ ਮਹਿਲਾ ਪ੍ਰਤੀਨਿਧ ਹੋਵੇਗੀ, ਜਿਸ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੀ ਸਿੱਧੀ ਭਾਗੀਦਾਰੀ ਵਧੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਪਹਿਲਾਂ ਹੀ 33% ਤੋਂ ਵੱਧ ਰਿਜ਼ਰਵੇਸ਼ਨ ਦੇਣ ਨਾਲ ਮਹਿਲਾਵਾਂ ਦੀ ਭਾਗੀਦਾਰੀ ਕਾਫੀ ਵਧੀ ਹੈ ਅਤੇ ਕਈ ਰਾਜਾਂ ਵਿੱਚ ਇਹ ਹਿੱਸਾ 40-50% ਤੱਕ ਪਹੁੰਚ ਚੁੱਕਾ ਹੈ, ਜਿਸ ਦੇ ਨਤੀਜੇ ਵਜੋਂ ਸਿੱਖਿਆ, ਸਿਹਤ ਅਤੇ ਸਫਾਈ ਨਾਲ ਜੁੜੀਆਂ ਨੀਤੀਆਂ ਵਿੱਚ ਸੁਧਾਰ ਆਇਆ ਹੈ।
ਸਰਦਾਰ ਬਾਜਵਾ ਨੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਬਿੱਲ ਦਾ ਵਿਰੋਧ ਕਰਨ ’ਤੇ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸਾਲਾਂ ਤੋਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀਆਂ ਰਹੀਆਂ ਹਨ ਪਰ ਜਦੋਂ ਅਸਲ ਮੌਕਾ ਆਇਆ ਤਾਂ ਉਨ੍ਹਾਂ ਨੇ ਆਪਣੀ ਸੋਚ ਸਪੱਸ਼ਟ ਕਰ ਦਿੱਤੀ। “ਇਹ ਮਹਿਲਾਵਾਂ ਨਾਲ ਨਿਆਂ ਨਹੀਂ, ਸਗੋਂ ਉਨ੍ਹਾਂ ਦੇ ਹੱਕਾਂ ਨਾਲ ਖਿਲਵਾੜ ਹੈ,” ਉਨ੍ਹਾਂ ਨੇ ਕਿਹਾ।
ਸ਼੍ਰੀ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮਹਿਲਾਵਾਂ ਦੇ ਵੋਟਾਂ ਦਾ ਪ੍ਰਤੀਸ਼ਤ ਲਗਭਗ 48-49% ਹੈ, ਜੋ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਦਰਸਾਉਂਦਾ ਹੈ, ਪਰ ਉਨ੍ਹਾਂ ਦੀ ਰਾਜਨੀਤਿਕ ਨੁਮਾਇੰਦਗੀ ਇਸ ਦੇ ਮੁਕਾਬਲੇ ਕਾਫੀ ਘੱਟ ਹੈ। “ਇਹ ਬਿੱਲ ਇਸ ਅਸਮਾਨਤਾ ਨੂੰ ਦੂਰ ਕਰਨ ਵੱਲ ਇੱਕ ਮਜ਼ਬੂਤ ਕਦਮ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ, ਉਹਨਾਂ ਨੂੰ ਦੇਸ਼ ਦੀਆਂ ਮਹਿਲਾਵਾਂ ਜਵਾਬ ਦੇਣਗੀਆਂ। “ਇਹ ਸਿਰਫ ਰਾਜਨੀਤੀ ਦਾ ਮਸਲਾ ਨਹੀਂ, ਸਗੋਂ ਸਮਾਜਿਕ ਨਿਆਂ ਅਤੇ ਸਮਾਨਤਾ ਦਾ ਮਾਮਲਾ ਹੈ,” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ।
ਦੋਵਾਂ ਆਗੂਆਂ ਨੇ ਭਾਜਪਾ ਦੀ ਮਹਿਲਾ ਸਸ਼ਕਤੀਕਰਨ ਲਈ ਕੀਤੀਆਂ ਪਹਿਲਾਂ ਦਾ ਵੀ ਜ਼ਿਕਰ ਕੀਤਾ, ਜਿਵੇਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਉੱਜਵਲਾ ਯੋਜਨਾ, ਅਤੇ ਮਹਿਲਾਵਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਵਧਾਉਣ ਵਾਲੀਆਂ ਯੋਜਨਾਵਾਂ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ, ਸਿੱਖਿਆ ਅਤੇ ਆਰਥਿਕ ਸਸ਼ਕਤੀਕਰਨ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ।
ਅੰਤ ਵਿੱਚ ਦੋਵਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਫਾਇਦੇ ਤੋਂ ਉੱਪਰ ਉੱਠ ਕੇ ਮਹਿਲਾਵਾਂ ਦੇ ਹਿੱਤ ਵਿੱਚ ਇਸ ਬਿੱਲ ਦਾ ਸਮਰਥਨ ਕਰਨ ਅਤੇ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਐਸੀਆਂ ਨੀਤੀਆਂ ਦਾ ਸਮਰਥਨ ਕਰਨ ਜੋ ਸਮਾਨਤਾ ਅਤੇ ਨਿਆਂ ਨੂੰ ਮਜ਼ਬੂਤ ਕਰਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਡਿੰਪਲ ਭਾਰਦਵਾਜ ਜ਼ਿਲ੍ਹਾ ਜਰਨਲ ਸਕੱਤਰ, ਸ਼੍ਰੀਮਤੀ ਸੰਤੋਸ਼ ਸ਼ਰਮਾ, ਸ਼੍ਰੀ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ, ਅਮਨ ਰਾਣਾ ਜ਼ਿਲ੍ਹਾ ਜਰਨਲ ਸਕੱਤਰ, ਸ਼੍ਰੀ ਪਰਵੀਨ ਪੁਰੀ ਸਰਕਲ ਪ੍ਰਧਾਨ ਭਾਜਪਾ ਬਲਾਚੌਰ, ਸ਼੍ਰੀ ਜਸਵੰਤ ਸਿੰਘ ਕੰਗਣਾ, ਸ਼੍ਰੀ ਦਿਨੇਸ਼ ਭਾਰਦਵਾਜ, ਡਾਕਟਰ ਨਰੇਸ਼ ਰਾਵਲ, ਬਾਬਾ ਗੁਰਮੀਤ ਸਿੰਘ ਬਕਾਪੁਰ, ਸ਼੍ਰੀ ਨਰਿੰਦਰ ਸੂਦਨ, ਕੀਮਤੀ ਲਾਲ ਮਝੋਟ, ਸੁਰਿੰਦਰ ਪਾਲ ਵਰਮਾ ਆਦਿ ਹਾਜਰ ਸਨ।
Click to Follow Babushahi Facebook page →