ਮਜੀਠੀਆ ਨੇ ਸਰਕਾਰ ਦੀ ਕਾਨੂੰਨ-ਵਿਵਸਥਾ 'ਤੇ ਚੁੱਕੇ ਵੱਡੇ ਸਵਾਲ, ਨਸ਼ਰ ਕੀਤਾ ਕਤਲਾਂ ਦਾ ਵੇਰਵਾ
- ਮੁੱਖ ਮੰਤਰੀ ਅਤੇ ਡੀਜੀਪੀ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰਾਂ ਨਾਕਾਮ ਰਹੇ - ਮਜੀਠੀਆ
ਕਿਹਾ, ਦਿਨ ਦਿਹਾੜੇ ਹੋ ਰਹੇ ਕਤਲਾਂ ਨਾਲ ਹਿੱਲਿਆ ਪੰਜਾਬ - ਪੰਜਾਬ ਵਿੱਚ ਨਿੱਤ ਹੋਰ ਰਹੇ ਕਤਲ, ਜੰਗਲ ਰਾਜ ਵਰਗੇ ਹਾਲਾਤ ਪਰ ਸਰਕਾਰ ਗਹਿਰੀ ਨੀਂਦ ਵਿੱਚ ਹੈ -
- ਮੋਗਾ ਸਰਪੰਚ ਕਤਲ ਮਾਮਲੇ ਚ ਮਜੀਠੀਆ ਵੱਲੋਂ ਸੀਬੀਆਈ ਜਾਂਚ ਦੀ ਮੰਗ
ਚੰਡੀਗੜ੍ਹ, 6 ਮਾਰਚ 2026- ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚਲੀ ਕਾਨੂੰਨ ਵਿਵਸਥਾ ਨੂੰ ਲੈਕੇ ਅੱਜ ਫਿਰ ਸਰਕਾਰ ਤੇ ਹਮਲਾ ਬੋਲਿਆ ਹੈ l ਉਨ੍ਹਾਂ ਕਿਹਾ ਕਿ ਪੰਜਾਬ ਦਿਨੋਂ ਦਿਨ ਹਾਲਾਤ ਨਿਘਰਦੇ ਜਾ ਰਹੇ ਹਨ ਪਰ ਮੁੱਖ ਮੰਤਰੀ ਅਤੇ ਡੀਜੀਪੀ ਇੰਨਾ ਹਾਲਾਤਾਂ ਨੂੰ ਕਾਬੂ ਕਰਨ 'ਚ ਬੁਰੀ ਤਰਾਂ ਨਕਾ ਸਾਬਿਤ ਹੋ ਰਹੇ ਹਨ l ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਹੈ ਅਤੇ ਰਾਜ ਸਰਕਾਰ ਇੱਕ ਪਾਸੇ ਕਾਨੂੰਨ-ਵਿਵਸਥਾ ਨੂੰ “ਮਜ਼ਬੂਤ” ਦੱਸਦਿਆਂ ਪ੍ਰਹਾਰ-1 ਅਤੇ ਪ੍ਰਹਾਰ-2 ਵਰਗੀਆਂ ਪੁਲਿਸ ਮੁਹਿੰਮਾਂ ਦੀ ਗੱਲ ਕਰ ਰਹੀ ਸੀ, ਉੱਥੇ ਹੀ ਅੱਜ ਮੋਗਾ ਜ਼ਿਲ੍ਹੇ ਵਿੱਚ ਇੱਕ ਪਿੰਡ ਦੇ ਸਰਪੰਚ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਟੋ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ ਨੂੰ 6 ਮਾਰਚ ਨੂੰ ਮੋਗਾ ਦੇ ਬਾਘਾਪੁਰਾਣਾ ਇਲਾਕੇ ਵਿੱਚ ਕੋਟਕਪੂਰਾ ਰੋਡ ਨੇੜੇ ਗੋਲੀ ਮਾਰ ਦਿੱਤੀ ਗਈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਹਥਿਆਰਬੰਦ ਹਮਲਾਵਰ ਇੱਕ ਵਾਹਨ ਵਿੱਚ ਆਏ, ਸਰਪੰਚ ਨੂੰ ਘੇਰ ਕੇ ਅੰਧਾਧੁੰਦ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ l ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਕਤਲ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਵੱਡਾ ਫਰਕ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਨੂੰ ਧਮਕੀਆਂ ਮਿਲਣ ਬਾਰੇ ਖੁਫੀਆ ਜਾਣਕਾਰੀਆਂ ਮਿਲੀਆਂ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਮਜੀਠੀਆ ਨੇ ਕਿਹਾ ਕਿ ਇਹ ਘਟਨਾ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਹੋਈ ਕਥਿਤ ਖੁਫੀਆ ਨਾਕਾਮੀ ਦੀ ਯਾਦ ਦਿਵਾਉਂਦੀ ਹੈ ਅਤੇ ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਦੀ ਮਸ਼ੀਨਰੀ ਚੁਣੇ ਹੋਏ ਪ੍ਰਤੀਨਿਧੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਕਾਨੂੰਨ-ਵਿਵਸਥਾ ‘ਤੇ ਆਪਣੀ ਪਿੱਠ ਠੋਕ ਰਹੀ ਸੀ, ਜਦਕਿ ਦੂਜੇ ਪਾਸੇ ਮੋਗਾ ਦੇ ਪੱਟੋ ਪਿੰਡ ਵਿੱਚ ਦਿਨ ਦਿਹਾੜੇ ਸਰਪੰਚ ਦਾ ਕਤਲ ਹੋ ਗਿਆ।
ਉਨ੍ਹਾਂ ਦੋਸ਼ ਲਗਾਉਂਦਿਆਂ ਕਿ ਇਸ ਕਤਲ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਨਾਮ ਸਾਹਮਣੇ ਆਇਆ ਹੈ ਅਤੇ ਮਾਮਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਵੱਲੋਂ ਕਰਵਾਉਣ ਦੀ ਮੰਗ ਕੀਤੀ। ਅਕਾਲੀ ਨੇਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਰਨ ਤਾਰਨ ਵਿੱਚ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ ਦੇ ਨਿਵਾਸ ਨੇੜੇ ਇੱਕ ਸਰਪੰਚ ਦਾ ਕਤਲ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਭਰ ਵਿੱਚ ਹੋਈਆਂ ਕਈ ਹੱਤਿਆਵਾਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਦੋਸ਼ ਲਿਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ ਸਾਬਿਤ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ 19 ਸਾਲਾ ਰਣਜੀਤ ਸਿੰਘ ਦੇ ਕਥਿਤ ਫਰਜ਼ੀ ਮੁਕਾਬਲੇ ਤੋਂ ਲੈ ਕੇ ਦਿਨ ਦਿਹਾੜੇ ਹੋ ਰਹੇ ਕਤਲਾਂ ਨੇ ਜਿੱਥੇ ਕਾਲੇ ਦੌਰ ਦੀ ਯਾ ਦੋਰਵਾ ਦਿੱਤੀ ਉੱਥੇ ਇਹ ਵੀ ਸੰਕੇਤ ਦੇ ਦਿੱਤੇ ਹਨ ਕਿ ਰਾਜ ਵਿੱਚ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ। ਮਜੀਠੀਆ ਨੇ ਕਿਹਾ ਕਿ ਹਰਵਿੰਦਰ ਸਿੰਘ ਹੈਪੀ ਦੀ ਹੱਤਿਆ ਹਾਲ ਹੀ ਵਿੱਚ ਹੋਈਆਂ ਕਈ ਹੱਤਿਆਵਾਂ ਦੀ ਲੜੀ ਵਿੱਚ ਇੱਕ ਹੋਰ ਮਾਮਲਾ ਹੈ, ਜਿਸ ਵਿੱਚ ਰਾਣਾ ਬਲਾਚੌਰੀਆ ਦੀ ਹੱਤਿਆ ਵੀ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਪੁਲਿਸ ਦਾ ਡਰ ਖਤਮ ਹੋ ਚੁੱਕਾ ਹੈ ਅਤੇ ਰਾਜ ਵਿੱਚ “ਜੰਗਲ ਰਾਜ” ਵਰਗੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਰਜਕਾਰੀ ਡੀਜੀਪੀ ਕਾਨੂੰਨ-ਵਿਵਸਥਾ ਬਹਾਲ ਕਰਨ ਦੀ ਬਜਾਏ “ਕੁਰਸੀ ਬਚਾਓ” ਮਿਸ਼ਨ ਵਿੱਚ ਜ਼ਿਆਦਾ ਵਿਅਸਤ ਦਿਖਾਈ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਵਾਪਰੀਆਂ ਕਈ ਘਟਨਾਵਾ ਇਸ ਗੱਲ ਲੜਾ ਵੱਡਾ ਸਬੂਤ ਹਨ, ਜਿਨਾਂ ਦੇ ਬਾਅਦ ਵੀ ਕਨੂੰ ਵਿਵਸਥਾ ਕਨੂੰ ਕਰਨ ਲਈ ਕੋਈ ਉਪਰਾਲਾ ਕੀਤਾ ਦਿਖਾਈ ਨਹੀਂ ਦੇ ਰਿਹਾ । ਉਨ੍ਹਾਂ ਕਿਹਾ ਕਿ 1 ਮਾਰਚ ਨੂੰ ਹੁਸ਼ਿਆਰਪੁਰ ਦੇ ਮਹਿੰਦਵਾਣੀ ਗੁੱਜਰਾਂ ਪਿੰਡ ਵਿੱਚ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰ ਨੇ ਰਿਟਾਇਰਡ ਏਐਸਆਈ ਦੀ ਪਤਨੀ ਰਚਨਾ ਦੇਵੀ ਨੂੰ ਗੋਲੀਆਂ ਮਾਰ ਦਿੱਤੀਆਂ। ਉਹ ਨੇੜਲੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ। ਉਸ ਤਰ੍ਹਾਂ 28 ਫਰਵਰੀ ਨੂੰ ਜਲੰਧਰ ਦੇ ਮਾਡਲ ਟਾਊਨ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਆਪ ਨੇਤਾ ਲੱਕੀ ਓਬਰਾਏ ਨੂੰ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਦਿੱਤੀਆਂ। ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਨਿਕਲੇ ਹੀ ਸਨ ਕਿ ਹਮਲਾ ਹੋ ਗਿਆ। ਬਾਅਦ ਵਿੱਚ ਗੈਂਗਸਟਰ ਜੋਗਾ ਫੋਲਰੀਵਾਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਨਿੱਜੀ ਰੰਜਿਸ਼ ਦਾ ਦਾਅਵਾ ਕੀਤਾ।
ਇਸ ਤੋਂ ਪਹਿਲਾਂ ਫਰਵਰੀ ਵਿੱਚ ਤਰਨ ਤਾਰਨ ਦੇ ਠੱਠੀਆਂ ਮਹੰਤਾਂ ਪਿੰਡ ਦੇ ਸਰਪੰਚ ਅਤੇ ਆਪ ਨੇਤਾ ਹਰਬਰਿੰਦਰ ਸਿੰਘ ਨੂੰ ਸਿੱਧੂ ਫਾਰਮ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਕਰੀਬ 500 ਮਹਿਮਾਨਾਂ ਦੀ ਮੌਜੂਦਗੀ ਵਿੱਚ ਹਮਲਾਵਰ ਨੇ ਨੇੜੇ ਤੋਂ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰੀ।
ਇਸ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਲਾਪਰਵਾਹੀ ਦੇ ਦੋਸ਼ਾਂ ਹੇਠ ਡੀਐਸਪੀ ਜਗਬੀਰ ਸਿੰਘ ਅਤੇ ਸਰਹਾਲੀ ਥਾਣੇ ਦੇ ਐਸਐਚਓ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ 28 ਜਨਵਰੀ ਨੂੰ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਨੇੜੇ ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਦੇ 2020 ਦੇ ਕਤਲ ਮਾਮਲੇ ਵਿੱਚ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ।
ਉਸੇ ਦਿਨ 28 ਜਨਵਰੀ ਨੂੰ ਗੁਰਦਾਸਪੁਰ ਵਿੱਚ ਦੋ ਹਮਲਾਵਰਾਂ ਨੇ ਇੱਕ ਕੈਮਿਸਟ ਰਨਬੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
25 ਜਨਵਰੀ ਨੂੰ ਪਟਿਆਲਾ ਵਿੱਚ ਹੈਡ ਕਾਂਸਟੇਬਲ ਅਮਨਦੀਪ ਸਿੰਘ ਨੂੰ ਛੁਰਿਆਂ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ l 4 ਜਨਵਰੀ ਨੂੰ ਤਰਨ ਤਾਰਨ ਦੇ ਵਲਟੋਹਾ ਪਿੰਡ ਦੇ ਸਰਪੰਚ ਅਤੇ ਆਪ ਨੇਤਾ ਜਰਮਲ ਸਿੰਘ ਨੂੰ ਇੱਕ ਵਿਆਹ ਸਮਾਗਮ ਦੌਰਾਨ ਨੇੜੇ ਤੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਲਗਾਤਾਰ ਕਤਲ ਅਤੇ ਕਾਨੂੰਨ-ਵਿਵਸਥਾ ਦੀਆਂ ਉਲੰਘਣਾਵਾਂ ਹੋ ਰਹੀਆਂ ਹਨ, ਉਸਨੂੰ ਵੇਖਦਿਆਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਤਾਂ ਜੌ ਹਾਲਤਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, “ਚਾਹੇ ਵਪਾਰੀ ਹੋਵੇ ਜਾਂ ਕਾਰੋਬਾਰੀ, ਜਾਂ ਕੋਈ ਛੋਟਾ ਦੁਕਾਨਦਾਰ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਰਾਜ ਵਿੱਚ ਜੰਗਲ ਰਾਜ ਵਰਗੇ ਹਾਲਾਤ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਵੀ ਗਹਿਰੀ ਨੀਂਦ ਵਿੱਚ ਨਜ਼ਰ ਆ ਰਹੀ ਹੈ।
Click to Follow Babushahi Facebook page →