ਮੁਕਤਸਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਾਰਵਾਈ ਦੌਰਾਨ 1 ਕਿਲੋ 49 ਗ੍ਰਾਮ ਅਫੀਮ ਸਮੇਤ ਮੁਲਜਮ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ 2026: ਨਸ਼ਾ ਤਸਕਰੀ ਵਿਰੁੱਧ ਚੱਲ ਰਹੀ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਐਸਆਈ ਹਰਗੋਬਿੰਦ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਪੁਲਿਸ ਟੀਮ ਵੱਲੋਂ 1 ਕਿਲੋ 49 ਗ੍ਰਾਮ ਅਫੀਮ ਸਮੇਤ ਇੱਕ ਮੁਲਜਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਜੇ 1 ਰਿਧੀ ਸਿਧੀ ਕਲੋਨੀ ਸਦਰ ਗੰਗਾਨਗਰ (ਰਾਜਸਥਾਨ) ਵਜੋਂ ਕੀਤੀ ਗਈ ਹੈ ।
ਪੁਲਿਸ ਪਾਰਟੀ ਵੱਲੋਂ ਰੇਲਵੇ ਲਾਈਨ ਦੇ ਨਾਲ ਲਿੰਕ ਰੋਡ ਪਿੰਡ ਗਿੱਦੜਬਾਹਾ ਤੋਂ ਦੌਲਾ ਗਸ਼ਤ ਵਾ ਚੈਕਿੰਗ ਦੌਰਾਨ ਇੱਕ ਸਿਲਵਰ ਇਨੋਵਾ (ਰਜਿ. ਨੰ. HR-25D-5679) ਨੂੰ ਰੋਕ ਕੇ ਚੈਕ ਕੀਤਾ ਗਿਆ।
ਇਸ ਵਿੱਚੋਂ ਵਿਅਕਤੀ ਗੁਰਲਾਲ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਜੇ 1 ਰਿਧੀ ਸਿਧੀ ਕਲੋਨੀ ਸਦਰ ਗੰਗਾਨਗਰ (ਰਾਜਸਥਾਨ) ਬੈਠਾ ਹੋਇਆ ਮਿਲਿਆ। ਨਿਯਮਾਂ ਅਨੁਸਾਰ ਤਲਾਸ਼ੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਉਸ ਦੀ ਕਾਰ ਵਿੱਚੋਂ 01 ਕਿਲੋ 49 ਗ੍ਰਾਮ ਅਫੀਮ ਬਰਾਮਦ ਹੋਈ। ਇਸ ਸਬੰਧ ਵਿੱਚ ਥਾਣਾ ਗਿੱਦੜਬਾਹਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜਮ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਜਿਸ ਦੌਰਾਨ ਅਹਿਮ ਖਲਾਸੇ ਹੋਣ ਦੀ ਸੰਭਾਵਨਾ ਹੈ। ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਡਰੱਗ ਸਪਲਾਈ ਚੇਨਾਂ ਨੂੰ ਖਤਮ ਕਰਨ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧਤਾ ਜਤਾਈ ਗਈ ਹੈ। ਪੁਲਿਸ ਨੇ ਜਨਤਾ ਨੂੰ ਚੌਕਸ ਰਹਿਣ ਅਤੇ ਬਿਨਾਂ ਕਿਸੇ ਡਰ ਦੇ ਕਿਸੇ ਵੀ ਨਸ਼ਿਆਂ ਨਾਲ ਸੰਬੰਧਤ ਗਤੀਵਿਧੀ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਹੈ।