ਰਾਣਾ ਕੇਪੀ ਦਾ ਵਿਵਾਦਿਤ ਬਿਆਨ; ਭਾਜਪਾ ਤੇ ਪੰਜਾਬੀ ਸੱਪ-ਨਿਉਲੇ ਵਾਂਗ, ਕਦੇ ਇੱਕ ਨਹੀਂ ਹੋ ਸਕਦੇ
"ਸੱਪ ਅਤੇ ਨਿਉਲੇ" ਵਾਲੀ ਮਿਸਾਲ 'ਤੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ
ਕਾਂਗਰਸੀ ਆਗੂ ਨੇ ਕਿਹਾ- "ਪੰਜਾਬੀ ਅਤੇ ਭਾਜਪਾ ਇੱਕ ਬੋਤਲ 'ਚ ਇਕੱਠੇ ਨਹੀਂ ਹੋ ਸਕਦੇ"; ਬਲੀਏਵਾਲ ਦਾ ਜਵਾਬ— "ਕੀ ਕਾਂਗਰਸ ਨੂੰ ਪੰਜਾਬੀ ਹੁਣ ਸੱਪ-ਨਿਉਲਾ ਲੱਗਦੇ ਨੇ?"
ਚੰਡੀਗੜ੍ਹ, 14 ਫਰਵਰੀ 2026- ਪੰਜਾਬ ਦੀ ਸਿਆਸਤ ਵਿੱਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸਾਬਕਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਵੱਲੋਂ ਭਾਜਪਾ ਵਿਰੁੱਧ ਦਿੱਤੀ ਗਈ ਇੱਕ ਤਿੱਖੀ ਮਿਸਾਲ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿਸ 'ਤੇ ਭਾਜਪਾ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਆਪਣੇ ਸੰਬੋਧਨ ਦੌਰਾਨ ਰਾਣਾ ਕੇਪੀ ਨੇ ਭਾਜਪਾ 'ਤੇ ਤਨਜ਼ ਕਸਦਿਆਂ ਕਿਹਾ ਕਿ "ਜਿਵੇਂ ਇੱਕ ਬੋਤਲ ਵਿੱਚ ਸੱਪ ਅਤੇ ਨਿਉਲਾ ਇਕੱਠੇ ਨਹੀਂ ਹੋ ਸਕਦੇ, ਉਸੇ ਤਰ੍ਹਾਂ ਪੰਜਾਬੀ ਅਤੇ ਬੀਜੇਪੀ ਕਦੇ ਵੀ ਇੱਕ ਬੋਤਲ ਵਿੱਚ ਇਕੱਠੇ ਨਹੀਂ ਹੋ ਸਕਦੇ।" ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਜਿੰਨਾ ਮਰਜ਼ੀ ਤਾਣਾ-ਬਾਣਾ ਵਿਛਾ ਲਵੇ, ਪਰ ਇੱਥੇ ਉਨ੍ਹਾਂ ਦੇ ਪੈਰ ਕਦੇ ਨਹੀਂ ਲੱਗਣਗੇ।
ਰਾਣਾ ਕੇਪੀ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਵਿੱਚ ਦਾਖ਼ਲ ਹੋਣ ਲਈ ਵੱਖ-ਵੱਖ 'ਦਰਵਾਜ਼ੇ' ਖੜਕਾ ਰਹੀ ਹੈ, ਪਰ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਨੀਤੀਆਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ।
ਰਾਣਾ ਕੇਪੀ ਦੇ ਇਸ ਬਿਆਨ 'ਤੇ ਭਾਜਪਾ ਆਗੂ ਪ੍ਰਿੰਤਪਾਲ ਸਿੰਘ ਬਲੀਏਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਬਿਆਨ ਨੂੰ ਪੰਜਾਬੀਆਂ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ "ਇਹ ਕਾਂਗਰਸ ਦੀ ਘਟੀਆ ਮਾਨਸਿਕਤਾ ਹੈ। ਰਾਣਾ ਕੇਪੀ ਪੰਜਾਬੀਆਂ ਦੀ ਤੁਲਨਾ ਸੱਪ ਅਤੇ ਨਿਉਲੇ ਨਾਲ ਕਰ ਰਹੇ ਹਨ।"
ਬਲੀਏਵਾਲ ਨੇ ਸਵਾਲ ਕੀਤਾ ਕਿ ਕੀ ਹੁਣ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਲੋਕ ਸੱਪ ਅਤੇ ਨਿਉਲੇ ਵਰਗੇ ਲੱਗਦੇ ਹਨ? ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਵਰਤ ਕੇ ਕਾਂਗਰਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਲੋਕਾਂ ਦਾ ਕਿੰਨਾ ਸਤਿਕਾਰ ਕਰਦੀ ਹੈ।
2027 ਦੀਆਂ ਚੋਣਾਂ ਦੇ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਜਿੱਥੇ ਕਾਂਗਰਸ ਭਾਜਪਾ ਨੂੰ ਪੰਜਾਬ-ਵਿਰੋਧੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਭਾਜਪਾ ਕਾਂਗਰਸੀ ਆਗੂਆਂ ਦੇ ਬਿਆਨਾਂ ਨੂੰ ਪੰਜਾਬੀਆਂ ਦੀ ਅਣਖ ਨਾਲ ਜੋੜ ਕੇ ਮੋੜਵਾਂ ਜਵਾਬ ਦੇ ਰਹੀ ਹੈ।
Click to Follow Babushahi Facebook page →