ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਐਡਵੋਕੇਟ ਦਿਲਜੋਤ ਕੌਰ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ
ਅਸ਼ੋਕ ਵਰਮਾ
ਮਾਨਸਾ 9 ਜਨਵਰੀ 2026 : ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਦੀ ਸੀ ਪੀਆਈ ਐਮ ਐਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਅਤੇ ਇਸ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਨਿਆ ਨਾ ਮਿਲਿਆ ਤਾਂ ਲਿਬਰੇਸ਼ਨ ਸੰਘਰਸ਼ ਦੇ ਰਾਹ ਪੈਣ ਤੋਂ ਪਿੱਛੇ ਨਹੀਂ ਹਟੇਗੀ।
ਅੱਜ ਪਿੰਡ ਰੱਲਾ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੰਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਮਾਤਾ ਵੀਰਪਾਲ ਕੌਰ ਤੇ ਮਾਮਾ ਸ਼ਿਵਜੀ ਰਾਮ ਸਮੇਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।ਇਨ੍ਹਾਂ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਜਥੇਬੰਦੀ ਦੇ ਕੁੱਝ ਆਗੂ ਦਿਲਜੋਤ ਨੂੰ ਪ੍ਰੇਸ਼ਾਨ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਨੂੰ ਸਾਮ ਨੂੰ ਇੱਕ ਕਾਰਕੁੰਨ ਲੜਕੀ ਦਾ ਫੋਨ ਆਇਆ ਕਿ ਦਿਲਜੋਤ ਬੇਹੋਸ਼ ਹੋ ਗਈ ਹੈ। ਉਹਨਾਂ ਦੱਸਿਆ ਕਿ ਜਦ ਪਰਿਵਾਰ ਪਹੁੰਚਿਆ ਤਾਂ ਦਿਲਜੋਤ ਦੀ ਭੇਤਭਰੀ ਹਾਲਤ ਚ ਲਾਸ਼ ਮਿਲੀ ਅਤੇ ਉਨ੍ਹਾਂ ਪੁਲਿਸ ਨੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਦਾ ਟਾਲਮਟੋਲ ਦਾ ਰਵੱਈਆ ਸੀ ਤੇ ਐਫ ਆਈ ਆਰ ਦਰਜ ਕਰਨ ਨੂੰ ਤਿਆਰ ਨਹੀਂ ਸੀ। ਆਗੂਆਂ ਨੇ ਕਿਹਾ ਕਿ ਖੁਦਕੁਸ਼ੀ ਨੋਟ ਵੀ ਇੱਕ ਤਰ੍ਹਾਂ ਨਾਲ ਸ਼ੱਕੀ ਹੈ ਜਿਸ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਦਿਲਜੋਤ ਪੜ੍ਹਣ ਤੇ ਖੇਡਾਂ ਚ ਕਾਫੀ ਤੇਜ਼ ਸੀ ਇਸ ਲਈ ਕਈ ਐਵਾਰਡ ਵੀ ਮਿਲੇ ਹਨ ਇਸ ਲਈ ਉਹ ਖੁਦਕੁਸ਼ੀ ਕਰ ਹੀ ਨਹੀਂ ਸਕਦੀ ਹੈ । ਆਗੂਆਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਮੀਟਿੰਗ ਕਰਕੇ ਐਕਸ਼ਨ ਕਮੇਟੀ ਬਣਾਈ ਜਾਏਗੀ ਅਤੇ ਦਿਲਜੋਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਲੜਿਆ ਜਾਏਗਾ।