ਜ਼ਿਲ੍ਹਾ ਪੱਧਰੀ ਐਚ ਪੀ ਵੀ ਵੈਕਸੀਨ ਸਬੰਧੀ ਟ੍ਰੇਨਿੰਗ ਕਰਵਾਈ ਗਈ
14 ਤੋਂ 15 ਸਾਲ ਉਮਰ ਵਰਗ ਦੀਆਂ ਲੜਕੀਆਂ ਨੂੰ ਲਗਾਈ ਜਾਵੇਗੀ ਵੈਕਸੀਨ – ਸਿਵਲ ਸਰਜਨ
ਮਨਪ੍ਰੀਤ ਸਿੰਘ
ਰੂਪਨਗਰ, 9 ਜਨਵਰੀ
ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਐਚ ਪੀ ਵੀ ਵੈਕਸੀਨ (ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀ), ਏ.ਐਨ.ਐਮ., ਆਰ.ਬੀ.ਐਸ.ਕੇ. ਟੀਮ ਅਤੇ ਸਟਾਫ ਨਰਸਾਂ ਨੇ ਭਾਗ ਲਿਆ।
ਇਸ ਮੌਕੇ ਡਾ. ਨਵਰੂਪ ਕੌਰ ਨੇ ਦੱਸਿਆ ਕਿ ਔਰਤਾਂ ਵਿੱਚ ਹੋਣ ਵਾਲੇ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਦੀ ਰੋਕਥਾਮ ਲਈ ਐਚ ਪੀ ਵੀ ਵੈਕਸੀਨ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਿਤ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਹੋਣ ਵਾਲੇ ਚਾਰ ਮੁੱਖ ਕੈਂਸਰਾਂ ਵਿੱਚੋਂ ਸਰਵਾਈਕਲ ਕੈਂਸਰ ਭਾਰਤ ਵਿੱਚ ਇੱਕ ਲੱਖ ਦੀ ਅਬਾਦੀ ਪਿੱਛੇ 14 ਕੇਸਾਂ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ, ਇਸ ਲਈ ਇਸ ਵੈਕਸੀਨ ਦਾ ਲੱਗਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਉਪਰ ਦੀ ਉਮਰ ਦੀਆਂ ਉਹ ਬੱਚੀਆਂ, ਜਿਨ੍ਹਾਂ ਨੇ ਹਾਲੇ ਆਪਣਾ 15ਵਾਂ ਜਨਮ ਦਿਨ ਨਹੀਂ ਮਨਾਇਆ, ਨੂੰ ਇਹ ਵੈਕਸੀਨ ਇੱਕ ਵਾਰ ਲਗਾਈ ਜਾਵੇਗੀ। ਇਸ ਵੈਕਸੀਨ ਦੇ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਐਚ ਪੀ ਵੀ ਵੈਕਸੀਨ ਦੀ ਖੁਰਾਕ (ਡੋਜ਼) ਅਤੇ ਇਸ ਦੇ ਸੁਰੱਖਿਅਤ ਸਟੋਰੇਜ (ਕੋਲਡ ਚੇਨ ਮੈਨੇਜਮੈਂਟ) ਬਾਰੇ ਹਰ ਸਿਹਤ ਕਰਮਚਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਟੀਕਾਕਰਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਕਰਮਚਾਰੀ ਮਾਪਿਆਂ ਨੂੰ ਇਸ ਵੈਕਸੀਨ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਅਤੇ ਸਮਾਜ ਵਿੱਚ ਫੈਲੇ ਭਰਮ-ਭੁਲੇਖਿਆਂ ਨੂੰ ਦੂਰ ਕਰਨ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਦੁਨੀਆ ਦੇ 159 ਦੇਸ਼ਾਂ ਵਿੱਚ ਪਹਿਲਾਂ ਹੀ ਆਪਣੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਜਾ ਚੁੱਕੀ ਹੈ। ਕਰੋੜਾਂ ਡੋਜ਼ ਵੱਖ-ਵੱਖ ਦੇਸ਼ਾਂ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਕਿਸੇ ਵੀ ਕਿਸਮ ਦੇ ਗੰਭੀਰ ਪ੍ਰਤੀਕੂਲ ਪ੍ਰਭਾਵ ਸਾਹਮਣੇ ਨਹੀਂ ਆਏ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਸਿੰਗਲ ਡੋਜ਼ ਦੇ ਰੂਪ ਵਿੱਚ ਖੱਬੇ ਮੋਢੇ ‘ਤੇ ਲਗਾਈ ਜਾਵੇਗੀ ਅਤੇ ਇਹ ਪੂਰੀ ਤਰ੍ਹਾਂ ਮੁਫ਼ਤ ਦਿੱਤੀ ਜਾਵੇਗੀ।
ਇਸ ਮੌਕੇ ਡਾ. ਹਰਲੀਨ ਕੌਰ, ਮਾਸ ਮੀਡੀਆ ਅਫਸਰ ਗੁਰਮੀਤ ਕੌਰ, ਰਵਿੰਦਰ ਸਿੰਘ, ਰਿਤੂ, ਮਨਪ੍ਰੀਤ ਸਿੰਘ ਅਤੇ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ।