21 ਵੀ' ਸਦੀ ਦਾ ਧਰੂ ਤਾਰਾ ਸਾਬਕਾ ਡੀ.ਪੀ. ਆਈ ਕਾਲਜਿਜ- ਡਾ. ਉਜਾਗਰ ਸਿੰਘ ਬੰਗਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 9 ਜਨਵਰੀ 2026:- ਡਾ. ਉਜਾਗਰ ਸਿੰਘ ਬੰਗਾ ਜੀ ਦਾ ਜਨਮ ਇੱਕ ਉੱਚ ਆਦਰਸ਼ਾਂ ਵਾਲੇ, ਸੰਸਕਾਰੀ ਅਤੇ ਸਿਧਾਂਤਪ੍ਰੇਮੀ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੇ ਵਿਅਕਤਿਤਵ ਵਿੱਚ ਮਿਹਨਤ, ਅਨੁਸ਼ਾਸਨ, ਨਿਮਰਤਾ, ਸ਼ਾਲੀਨਤਾ ਅਤੇ ਉਚਿਤ ਖੇਡ-ਭਾਵਨਾ ਵਰਗੇ ਉੱਨਤ ਜੀਵਨ-ਮੁੱਲ ਸਪੱਸ਼ਟ ਤੌਰ ‘ਤੇ ਦਿਸਣ ਲੱਗ ਪਏ ਸਨ। ਇਹੀ ਗੁਣ ਉਨ੍ਹਾਂ ਦੇ ਜੀਵਨ-ਮਾਰਗ ਦੇ ਪ੍ਰਵੀਨ ਬਣੇ ਅਤੇ ਉਨ੍ਹਾਂ ਨੂੰ ਸਿੱਖਿਆ ਤੇ ਖੇਡ-ਜਗਤ ਦੀਆਂ ਉੱਚਤਮ ਚੋਟੀਆਂ ਤੱਕ ਲੈ ਕੇ ਗਏ।
ਆਪਣੀ ਯੁਵਾ ਅਵਸਥਾ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਡਾ. ਬੰਗਾ ਜੀ ਨੇ ਫੁੱਟਬਾਲ ਦੇ ਖੇਤਰ ਵਿੱਚ ਅਸਾਧਾਰਣ ਖੇਡ–ਕਲਾ, ਅਕਾਦਮਿਕ ਜਜ਼ਬੇ ਅਤੇ ਦ੍ਰਿੜ ਨਿਸ਼ਚੇ ਦਾ ਮਾਣ ਹਾਸਲ ਕੀਤਾ।
ਐਸ. ਏ. ਐਸ. ਖਾਲਸਾ ਹਾਈ ਸਕੂਲ ਪਾਲਦੀ, ਹੁਸ਼ਿਆਰਪੁਰ ਵਿੱਚ ਪੜ੍ਹਦਿਆਂ ਆਪ ਜੀ ਨੇ ਟੀਮ ਦੇ ਕੈਪਟਨ ਵਜੋਂ ਸਰਾਹਣਾਯੋਗ ਕਰਤੱਵ ਨਿਭਾਇਆ।
1953 ਵਿੱਚ ਆਪ ਜੀ ਨੇ ਐਸ. ਜੀ. ਜੀ. ਐਸ. ਖਾਲਸਾ ਕਾਲਜ, ਮਾਹਲਪੁਰ ਵਿੱਚ ਦਾਖਲਾ ਲਿਆ। ਇੱਥੇ ਵੀ ਆਪ ਜੀ ਨੇ ਕਾਲਜ ਦੀ ਫੁੱਟਬਾਲ ਟੀਮ ਦੀ ਲਗਾਤਾਰ ਤਿੰਨ ਵਾਰ ਕਪਤਾਨੀ ਕੀਤੀ ਅਤੇ ਤਿੰਨ ਸਾਲਾਂ ਤੱਕ ਪੰਜਾਬ ਯੂਨੀਵਰਸਿਟੀ ਫੁੱਟਬਾਲ ਚੈਂਪਿਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਰਹੇ।
ਕਾਲਜ ਵੱਲੋਂ ਆਪ ਜੀ ਨੂੰ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਮਾਨ-ਸਰੂਪ ਕਾਲਜ ਕਲਰ ਅਤੇ ਰੋਲ ਆਫ ਔਨਰਜ਼ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਆਪ ਜੀ ਨੇ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਤਿੰਨ ਵਾਰੀ ਇੰਟਰ–ਯੂਨੀਵਰਸਿਟੀ ਫੁੱਟਬਾਲ ਚੈਂਪਿਅਨਸ਼ਿਪ ਵਿੱਚ ਭਾਗ ਲਿਆ ਅਤੇ ਸ਼੍ਰੀਨਗਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਅਪੂਰਵ ਗੌਰਵ ਹਾਸਲ ਕੀਤਾ।
1960 ਈ. ਵਿੱਚ ਆਪ ਜੀ ਡੀ.ਐਫ.ਏ. ਟੀਮ ਦੇ ਕੈਪਟਨ ਬਣੇ ਅਤੇ ਪੰਜਵੇਂ ਇਸਮਾਈਲ ਗੋਲਡ ਕੱਪ ਫ਼ੁੱਟਬਾਲ ਟੂਰਨਾਮੈਂਟ (ਮੁਲਤਾਨ ਪਾਕਿਸਤਾਨ) ਵਿੱਚ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।
1960 ਵਿੱਚ ਆਪ ਜੀ ਨੇ ਪੰਜਾਬ ਸੂਬੇ ਦੀ ਟੀਮ ਦੀ ਨੁਮਾਇੰਦਗੀ ਕਰਦਿਆਂ ਜੋਧਪੁਰ ਵਿੱਚ ਆਯੋਜਿਤ ਨੈਸ਼ਨਲ ਫੁੱਟਬਾਲ ਚੈਂਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪ ਜੀ ਦੀ ਅਦਭੁਤ ਯੋਗਤਾ ਨੂੰ ਦੇਖਦਿਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਆਪ ਜੀ ਦੀ ਇਕੋ ਇਕ ਨਾਮ ਰੋਮ ਓਲੰਪਿਕ–1960 ਲਈ ਭਾਰਤੀ ਟ੍ਰਾਇਲ ਕੈਂਪ ਵਿੱਚ ਭੇਜਿਆ ਗਿਆ , ਜਿੱਥੇ ਆਪ ਜੀ ਦਾ ਅਟੱਲ ਸਮਰਪਣ ਅਤੇ ਉੱਚ ਖੇਡ-ਦ੍ਰਿਸ਼ਟੀ ਸਭ ਲਈ ਪ੍ਰੇਰਣਾਦਾਇਕ ਸਾਬਤ ਹੋਏ।
1962 ਵਿੱਚ ਆਪ ਜੀ ਨੇ ਸਪੋਰਟਸ ਕਾਲਜ, ਜਲੰਧਰ ਵਿੱਚ ਬਤੌਰ ਸੀਨੀਅਰ ਲੈਕਚਰਾਰ ( ਫੁੱਟਬਾਲ) ਸੇਵਾ ਸੰਭਾਲੀ ਅਤੇ ਖੇਡ-ਸਿੱਖਿਆ ਨੂੰ ਨਵੀਂ ਦਿਸ਼ਾ, ਗੰਭੀਰਤਾ ਅਤੇ ਗਹਿਰਾਈ ਪ੍ਰਦਾਨ ਕੀਤੀ ਅਤੇ ਰਾਸ਼ਟਰ- ਅੰਤਰਰਾਸ਼ਟਰੀ ਪੱਧਰ ਤੇ ਫੁੱਟਬਾਲ ਦੇ ਖਿਡਾਰੀ ਪੈਦਾ ਕੀਤੇ ।ਆਪ ਜੀ ਦੀ ਵਿਦਿਅਕ ਦੂਰਦ੍ਰਿਸ਼ਟੀ, ਪ੍ਰਬੰਧਕੀ ਕਾਬਲੀਅਤ ਅਤੇ ਕਰਤੱਵਨਿਸ਼ਠਾ ਦੇ ਮੱਦੇਨਜ਼ਰ 1975 ਵਿੱਚ ਆਪ ਜੀ ਦੀ ਨਿਯੁਕਤੀ ਬਤੌਰ ਪ੍ਰੋਫੈਸਰ ਪ੍ਰਿੰਸੀਪਲ ਪੀ.ਈ.ਐਸ.-1 ਸਪੋਰਟਸ ਕਾਲਜ ਜਲੰਧਰ ਵਿਖੇ ਹੋਈ । ਫਿਰ ਆਪ ਤਬਦੀਲ ਹੋ ਕੇ ਪੰਜਾਬ ਗੌਰਮਿੰਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਵਿਖੇ ਜੁਆਇੰਨ ਕੀਤਾ। ਇਸ ਤੋਂ ਅਗਾਂਹ ਵੀ ਆਪ ਜੀ ਨੇ ਗੌਰਮਿੰਟ ਕਾਲਜ ਸੁਨਾਮ, ਗੌਰਮਿੰਟ ਰਣਬੀਰ ਕਾਲਜ, ਸੰਗਰੂਰ ਅਤੇ ਗੌਰਮਿੰਟ ਸਟੇਟ ਕਾਲਜ, ਪਟਿਆਲਾ , ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ, ਗੌਰਮਿੰਟ ਵੂਮੈਨ ਕਾਲਜ ਪਟਿਆਲਾ ਵਿੱਚ 17 ਸਾਲ ਬਤੌਰ ਪ੍ਰਿੰਸੀਪਲ ਸ਼ਾਨਦਾਰ ਅਕਾਦਮਿਕ ਅਤੇ ਪ੍ਰਸ਼ਾਸਕੀ ਸੇਵਾਵਾਂ ਨਿਭਾਈਆਂ ਅਤੇ ਅਣਗਿਣਤ ਵਿਦਿਆਰਥੀਆਂ ਦੇ ਭਵਿੱਖ ਨੂੰ ਉਜੱਵਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਅਤੇ ਸੱਚੇ ਸੁੱਚੇ ਜੀਵਨ ਅਤੇ ਉੱਚ ਚਰਿੱਤਰ ਰੱਖਣ ਲਈ ਪ੍ਰੇਰਿਤ ਕੀਤਾ।
ਸਿੱਖਿਆ ਪ੍ਰਤੀ ਅਟੱਲ ਸਮਰਪਣ ਜਾਰੀ ਰੱਖਦਿਆਂ ਆਪ ਜੀ ਨੇ ਐਮ.ਏ. ਹਿਸਟਰੀ, ਐਮ.ਏ. ਫਿਜ਼ੀਕਲ ਐਜੂਕੇਸ਼ਨ,ਐਨ.ਆਈ.ਐਸ., ਫਿਫਾ ਟ੍ਰੇਨਿੰਗ,ਅਤੇ ਪੀ.ਐੱਚ.ਡੀ.ਦੀਆਂ ਉੱਚਤਮ ਡਿਗਰੀਆਂ ਪ੍ਰਾਪਤ ਕੀਤੀਆਂ। 9 ਜਨਵਰੀ 1991 ਨੂੰ ਆਪ ਜੀ ਦੀ ਤਾਇਨਾਤੀ ਡਾਇਰੈਕਟੋਰੇਟ ਆਫ਼ ਹਾਇਰ ਐਜੂਕੇਸ਼ਨ, ਪੰਜਾਬ (ਚੰਡੀਗੜ੍ਹ) ਵਿੱਚ ਹੋਈ, ਜਿੱਥੇ ਆਪ ਜੀ ਨੇ ਉੱਚ ਇਮਾਨਦਾਰੀ, ਨਿਰਪੱਖ ਅਤੇ ਜ਼ਿੰਮੇਵਾਰੀ ਨਾਲ ਆਪਣੇ ਪ੍ਰਸ਼ਾਸਕੀ ਫਰਜ਼ ਨਿਭਾਏ।
ਉਨ੍ਹਾਂ ਦੀ ਲੰਬੀ, ਗੌਰਵਮਈ ਅਤੇ ਉਤਕ੍ਰਿਸ਼ਟ ਸੇਵਾ ਦੇ ਮਾਨ-ਸਰੂਪ, ਡਾ. ਉਜਾਗਰ ਸਿੰਘ ਬੰਗਾ ਜੀ ਦਾ ਨਾਮ ਪੰਜਾਬ ਯੂਨੀਵਰਸਿਟੀ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੰਡੀਕੇਟ ਅਤਿ-ਸਨਮਾਨਿਤ ਮੈਂਬਰ ਤੇ ਨਾ ਦਰਜ ਕੀਤਾ ਗਿਆ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰੇਗੂਲਰ ਮੈਂਬਰ ਰਹੇ। ਜੋ ਉਨ੍ਹਾਂ ਦੇ ਮਹਾਨ ਵਿਅਕਤਿਤਵ, ਉੱਚ ਆਦਰਸ਼ਾਂ, ਖੇਡਾਂ ਅਤੇ ਅਧਿਆਪਨ ਕਿੱਤੇ ਨੂੰ ਸਮਰਪਿਤ ਜੀਵਨ-ਯਾਤਰਾ ਦਾ ਚਮਕਦੇ ਧਰੂ ਤਾਰੇ ਵਾਂਗ ਪ੍ਰਤੀਤ ਹੁੰਦੀ ਹੈ।।