ਲੋਕ ਗਾਇਕ ਕਨਵਰ ਗਰੇਵਾਲ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਪੋਸਟਰ ਰਿਲੀਜ਼
ਬਠਿੰਡਾ ,9 ਜਨਵਰੀ 2026 :ਪੰਜਾਬ ਵਿੱਚ ਲਿੰਗ ਅਨੁਪਾਤ ਨੂੰ ਸੰਤੁਲਿਤ ਬਣਾਉਣ ਅਤੇ ਧੀ-ਪੁੱਤਰ ਵਿੱਚ ਭੇਦਭਾਵ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਪੰਜਾਬੀ ਲੋਕ ਗਾਇਕ ਕਨਵਰ ਗਰੇਵਾਲ ਵੱਲੋਂ ਅੱਜ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਧੀ ਵੀ ਪੁੱਤਰ ਦੇ ਬਰਾਬਰ ਹੈ ਅਤੇ ਧੀਆਂ ਨੂੰ ਜਨਮ ਤੋਂ ਹੀ ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਮਿਲਣੇ ਚਾਹੀਦੇ ਹਨ।ਕਨਵਰ ਗਰੇਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਇਸ ਲੋਹੜੀ ਤੇ ਕੁੜੀਆਂ ਦੀ ਜਨਮ ਦਰ ਨੂੰ ਉਤਸ਼ਾਹਿਤ ਕਰਨ ਲਈ ਡਾ ਤਪਿੰਦਰਜੋਤ ਦੀ ਦੇਖਰੇਖ ਹੇਠ ਜੱਚਾ ਬੱਚਾ ਹਸਪਤਾਲ ਵਿਖੇ ਕੁੜੀਆਂ ਦੀ ਲੋਹੜੀ ਮਨਾ ਰਿਹਾ ਹੈ ।
ਉਹਨਾਂ ਦੱਸਿਆ ਕਿ ਲਿੰਗ ਅਨੁਪਾਤ ਵਿੱਚ ਆ ਰਹੀ ਕਮੀ ਸਮਾਜ ਲਈ ਗੰਭੀਰ ਚੁਣੌਤੀ ਹੈ, ਜਿਸਦਾ ਮੁਕਾਬਲਾ ਸਾਂਝੀ ਸੋਚ ਅਤੇ ਸਾਂਝੇ ਉਪਰਾਲਿਆਂ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕਲਾਕਾਰ ਹੋਣ ਦੇ ਨਾਤੇ ਸਮਾਜਕ ਬੁਰਾਈਆਂ ਖਿਲਾਫ਼ ਅਵਾਜ਼ ਉਠਾਉਣਾ ਉਹ ਆਪਣਾ ਫਰਜ ਸਮਝਦੇ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਸਿੱਖਿਆ, ਸਿਹਤ ਅਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਭਰੂਣ ਹੱਤਿਆ ਵਰਗੀਆਂ ਅਪਰਾਧਿਕ ਪ੍ਰਥਾਵਾਂ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇ। ਪੋਸਟਰ ਰਾਹੀਂ “ਬੇਟੀ ਬਚਾਓ, ਬੇਟੀ ਪੜ੍ਹਾਓ” ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ,ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ ਸੋਨੀਆ ਗੁਪਤਾ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ ਹਾਜ਼ਰ ਸਨ ।