ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਬੁੱਢਾ ਦਲ ਵਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਬਰਸੀ ਸਮਾਗਮ ਹੋਏ
ਨਾਮਵਰ ਧਾਰਮਿਕ ਸਖਸ਼ੀਅਤਾਂ ਨੇ ਕੀਤੀ ਸਮੂਲੀਅਤ
ਅੰਮ੍ਰਿਤਸਰ:- 23 ਅਕਤੂਬਰ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋੋਂ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ ਅਤੇ ਗੁਰੁ ਘਰ ਦੇ ਅਨਿਨ ਸੇਵਕ ਮਹਾਨ ਸੰਤਪੁਰਸ਼ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੇ ਗੁਰਮਤਿ ਸਮਾਗਮ ਬੀਤੇ ਦਿਨ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅਤੇ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪੂਰਨ ਸਰਧਾ ਸਤਿਕਾਰ ਨਾਲ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਬੁੱਢਾ ਦਲ ਦੇ ਹੈਡ ਗ੍ਰੰਥੀ ਬਾਬਾ ਮੱਘਰ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਕੁਲਦੀਪ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਸਿੱਖ ਇਤਿਹਾਸ ਦਾ ਵਿਖਿਆਨ ਕੀਤਾ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਕੌਮ ਨੂੰ ਅਦੁਤੀ ਤੇ ਫਖਰਯੋਗ ਦੇਣ ਹੈ। ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਹੈ। ਉਨ੍ਹਾਂ ਕਿਹਾ ਜੱਸਾ ਸਿੰਘ ਆਹਲੂਵਾਲੀਆ ਦੀ ਕੀਤੀ ਕਮਾਈ ਨੂੰ ਹੀ ਅੱਜ ਸਿੱਖ ਜਗਤ ਮਾਣ ਰਿਹਾ ਹੈ। ਅੱਜ ਦੇ ਨੇਤਾਵਾਂ ਨੂੰ ਸੂਰਬੀਰ ਜਰਨੈਲ ਮੁਖੀਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਬਰਸੀ ਸਮਾਗਮ ਵਿੱਚ ਆਈਆ ਧਾਰਮਿਕ ਸਖਸੀਅਤਾਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਬੁੱਢਾ ਦਲ ਮੁਖੀ ਆਗੂਆਂ ਨੇ ਔਖੇ ਸਮੇਂ ਕੌਮ ਦੀ ਅਗਵਾਈ ਕੀਤੀ ਹੈ। ਜਿਥੇ ਉਹ ਬੁੱਢਾ ਦਲ ਦੇ ਮੁਖੀ ਸਨ, ੳਥੇ ਉਹ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ ਹਨ।
ਇਸ ਸਮੇਂ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿ. ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ, ਉਘੇ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਬਾਬਾ ਸੁਖਜੀਤ ਸਿੰਘ ਕਨਈਆ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਵੱਸਣ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬਾਬਾ ਪਰਮਜੀਤ ਸਿੰਘ ਮੈਨੇਜਰ, ਬਾਬਾ ਇੰਦਰਬੀਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਸ. ਮਲੂਕ ਸਿੰਘ ਲਾਡੀ, ਸ. ਬਲਦੇਵ ਸਿੰਘ ਢੋਡੀਵਿੰਡ, ਬਾਬਾ ਇੰਦਰ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਭਗਤ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਗਗਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।