ਕੁਲਦੀਪ ਸਿੰਘ ਚਾਹਲ ਪਟਿਆਲਾ ਵਿਖੇ ਡੀਆਈਜੀ ਵਜੋਂ ਆਪਣਾ ਅਹੁਦਾ ਸੰਭਾਲਣ ਸਮੇਂ
ਟ੍ਰੈਫਿਕ ਵਿਵਸਥਾ 'ਚ ਸੁਧਾਰ, ਆਮ ਲੋਕਾਂ ਨੂੰ ਜਿੰਦਗੀ 'ਚ ਆਉਂਦੀਆਂ ਸਮੱਸਿਆਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਕਰਨਾ ਤੇ ਜਮੀਨੀ ਪੱਧਰ 'ਤੇ ਪੁਲਿਸ ਦੀ ਪਹੁੰਚ ਬਣਾਈ ਜਾਵੇਗੀ ਯਕੀਨੀ : ਕੁਲਦੀਪ ਸਿੰਘ ਚਾਹਲ
ਦੀਦਾਰ ਗੁਰਨਾ
ਪਟਿਆਲਾ, 14 ਜੁਲਾਈ : 2009 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਪਟਿਆਲਾ ਰੇਂਜ ਦੇ ਡੀ.ਆਈ.ਜੀ. ਵਜੋਂ ਆਪਣਾ ਅਹੁਦਾ ਸੰਭਾਲ ਲਿਆ , ਇਸ ਮੌਕੇ ਡੀ.ਆਈ.ਜੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪਟਿਆਲਾ ਰੇਂਜ ਦੇ ਜ਼ਿਲ੍ਹਿਆਂ ਅੰਦਰ ਲੋਕਾਂ ਨੂੰ ਬਿਹਤਰ, ਸਮਾਂ ਬੱਧ ਤੇ ਪਾਰਦਰਸ਼ੀ ਪੁਲਿਸ ਸੇਵਾਵਾਂ ਪ੍ਰਦਾਨ ਕਰਵਾਉਣ ਸਮੇਤ ਨਸ਼ਾ ਮੁਕਤ ਸਮਾਜ ਸਿਰਜਣ ਲਈ ਨਸ਼ਿਆਂ ਦੇ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੋਵੇਗੀ
ਪਟਿਆਲਾ ਦੇ ਨਵੇਂ ਡੀ.ਆਈ.ਜੀ. ਚਾਹਲ ਨੇ ਅੱਗੇ ਕਿਹਾ ਕਿ ਇਸ ਤੋਂ ਬਿਨ੍ਹਾਂ ਪਟਿਆਲਾ ਸ਼ਹਿਰ ਸਮੇਤ ਬਾਕੀ ਜ਼ਿਲ੍ਹਿਆਂ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਸਮੇਤ ਸੜਕਾਂ ਨੂੰ ਹਾਦਸਿਆਂ ਤੋਂ ਸੁਰੱਖਿਅਤ ਕਰਨਾ ਤੋਂ ਇਲਾਵਾ ਆਮ ਲੋਕਾਂ ਦੀ ਜਿੰਦਗੀ 'ਚ ਪੁਲਿਸ ਨਾਲ ਸਬੰਧਤ ਛੋਟੀਆਂ ਤੋਂ ਛੋਟੀਆਂ ਸਮੱਸਿਆਵਾਂ ਦਾ ਵੀ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਉਨ੍ਹਾਂ ਦੀਆਂ ਤਰਜੀਹਾਂ 'ਚ ਸ਼ਾਮਲ ਹੈ , ਉਨ੍ਹਾਂ ਕਿਹਾ ਕਿ ਪੁਲਿਸ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪਾਬੰਦ ਹੈ, ਉਥੇ ਹੀ ਲੋਕਾਂ ਨੂੰ ਬਿਹਤਰ ਪੁਲਿਸਿੰਗ ਪ੍ਰਦਾਨ ਕਰਨਾ ਵੀ ਪੰਜਾਬ ਪੁਲਿਸ ਦੀ ਪਹਿਲਕਦਮੀ 'ਚ ਸ਼ਾਮਲ ਹੈ
ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਟਿਆਲਾ ਰੇਂਜ ਵਿੱਚ ਪੂਰੀ ਤਰ੍ਹਾਂ ਸਫ਼ਲ ਬਣਾ ਕੇ ਨਸ਼ਾ ਤਸਕਰਾਂ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ ਅਤੇ ਪੁਲਿਸ ਜਿੱਥੇ ਆਮ ਲੋਕਾਂ ਦੀ ਰਖਵਾਲੀ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ 24 ਘੰਟੇ ਤਤਪਰ ਰਹੇਗੀ, ਉਥੇ ਹੀ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨਾਲ ਵੀ ਸਖ਼ਤੀ ਨਾਲ ਨਜਿੱਠੇਗੀ
ਕੁਲਦੀਪ ਸਿੰਘ ਚਾਹਲ, ਡੀ.ਆਈ.ਜੀ. ਟੈਕਨੀਕਲ ਸਰਵਿਸਿਜ ਪੰਜਾਬ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਟਿਆਲਾ ਦੇ ਡੀ.ਆਈ.ਜੀ. ਦਫ਼ਤਰ ਵਿਖੇ ਉਨ੍ਹਾਂ ਦੀ ਆਮਦ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਉਨ੍ਹਾਂ ਦਾ ਸਵਾਗਤ ਕੀਤਾ , ਇਸ ਮੌਕੇ ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਵਜੋਂ ਪਟਿਆਲਾ ਦੇ ਨਵੇਂ ਡੀ.ਆਈ.ਜੀ. ਨੂੰ ਸਲਾਮੀ ਦਿੱਤੀ। ਇਸ ਮੌਕੇ ਪਟਿਆਲਾ ਦੇ ਐਸ.ਪੀ. ਸਥਾਨਕ ਵੈਭਵ ਚੌਧਰੀ, ਪਲਵਿੰਦਰ ਸਿੰਘ ਚੀਮਾ ਅਤੇ ਗੁਰਬੰਸ ਸਿੰਘ ਬੈਂਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ
