Update : IAS ਪੋਪਲੀ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰੀ : SSP ਚੰਡੀਗੜ੍ਹ
ਚੰਡੀਗੜ੍ਹ, 25 ਜੂਨ 2022 : ਪੰਜਾਬ ਦੇ ਆਈਏਐਸ ਅਫ਼ਸਰ ਸੰਜੇ ਪੋਪਲੀ ਦੇ ਬੇਟੇ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਸੀ। ਮ੍ਰਿਤਕ ਦੀ ਪਛਾਣ 27 ਸਾਲਾ ਕਾਰਤਿਕ ਵਜੋਂ ਕੀਤੀ ਗਈ ਹੈ। ਦਸ ਦਈਏ ਕਿ ਪਿਛਲੇ ਦਿਨੀ ਹੀ ਆਈਏਐਸ ਪੋਪਲੀ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪੁਲਿਸ ਹਿਰਾਸਤ ਵਿਚ ਹਨ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਿਰ ਵਿਚ ਗੋਲੀ ਲੱਗੀ ਹੈ। ਇਸ ਮਗਰੋਂ ਸੰਜੇ ਪੋਪਲੀ ਦੀ ਪਤਨੀ ਨੇ ਕੁਰਲਾਉਂਦੇ ਹੋਏ ਕਿਹਾ ਕਿ ਮੇਰੇ ਪਤੀ ਵਿਰੁਧ ਝੂਠਾ ਕੇਸ ਬਣਾਇਆ ਗਿਆ ਹੈ।
ਮੌਕੇ ਉਤੇ ਪੁੱਜੇ ਐਸਐਸਪੀ ਚੰਡੀਗੜ੍ਹ ਕੁਲਦੀਪ ਚਾਹਲ ਨੇ ਕਿਹਾ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰੀ ਹੈ। ਇਸ ਦੇ ਉਲਟ ਪੋਪਲੀ ਦੀ ਪਤਨੀ ਨੇ ਦੋਸ਼ ਲਾਏ ਕਿ ਵਿਜੀਲੈਂਸ ਨੇ ਮੇਰੇ ਪੁੱਤਰ ਨੂੰ ਗੋਲੀ ਮਾਰੀ ਹੈ।
ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 4 ਦਿਨ ਪਹਿਲਾਂ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੋਪਲੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਵਿਜੀਲੈਂਸ ਉਸ 'ਤੇ ਝੂਠੇ ਬਿਆਨ ਦੇਣ ਲਈ ਦਬਾਅ ਪਾ ਰਹੀ ਸੀ। ਜਿਸ ਕਾਰਨ ਬੇਟੇ ਨੇ ਇਹ ਕਦਮ ਚੁੱਕਿਆ।
ਪਰਿਵਾਰ ਮੁਤਾਬਕ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ। ਇਸ ਦੌਰਾਨ ਜਾਂਚ ਕੀਤੀ ਗਈ। ਵਿਜੀਲੈਂਸ ਕੁਝ ਰਿਕਵਰੀ ਕਰਨ ਆਈ ਸੀ। ਇਸ ਦੌਰਾਨ ਕਾਰਤਿਕ ਅਤੇ ਵਿਜੀਲੈਂਸ ਅਧਿਕਾਰੀਆਂ ਵਿਚਾਲੇ ਬਹਿਸ ਹੋ ਗਈ। ਝਗੜੇ ਤੋਂ ਬਾਅਦ ਹੀ ਉਸ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਲਈ। ਕਾਰਤਿਕ ਦੀ ਮਾਂ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਗੰਭੀਰ ਦੋਸ਼ ਲਾਏ।