SGPC ਧਾਰਮਿਕ ਸਖਸ਼ੀਅਤਾਂ ਵਿਰੁੱਧ ਬਦਲਾਖੋਰੀ ਬੰਦ ਕਰੇ- ਧਾਂਦਰਾ, ਕੰਧੋਲਾ, ਸ਼ੇਰਗਿੱਲ
ਚੰਡੀਗੜ੍ਹ-: 22 ਅਪ੍ਰੈਲ 2026- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਗਿਆਨੀ ਰਘਬੀਰ ਸਿੰਘ ਦੇ ਸਮਾਨ ਦੀ ਤਲਾਸ਼ੀ ਕਰਨਾ ਅਤੇ ਉਨਾਂ ਤੋਂ ਗੇਟ ਪਾਸ ਦੀ ਮੰਗ ਕਰਨਾ ਧਾਰਮਿਕ ਸ਼ਖਸ਼ੀਅਤਾਂ ਦਾ ਘੋਰ ਅਪਮਾਨ ਹੈ, ਅਤੇ ਇਹ ਸਿਰਫ ਅਕਾਲੀ ਦਲ ਬਾਦਲ ਦੇ ਖਿਲਾਫ ਦੋ ਦਸੰਬਰ 2024 ਨੂੰ ਹੋਈ ਧਾਰਮਿਕ ਕਾਰਵਾਈ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਸ ਹਰਬੰਸ ਸਿੰਘ ਕੰਧੋਲਾ, ਸੀਨੀਅਰ ਮੀਤ ਪ੍ਰਧਾਨ, ਭਰਪੂਰ ਸਿੰਘ ਧਾਂਦਰਾ ਅਤੇ ਸ ਭਜਨ ਸਿੰਘ ਸ਼ੇਰਗਿੱਲ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ। ਇਹਨਾਂ ਆਗੂਆਂ ਨੇ ਕਿਹਾ ਕਿ ਹੁਣ ਗੱਲ ਸਪਸ਼ਟ ਹੋ ਗਈ ਹੈ ਕਿ ਧਾਰਮਿਕ ਅਹੁਦਿਆਂ ਤੇ ਸੁਸ਼ੋਭਤ ਉੱਚ ਸ਼ਖਸ਼ੀਅਤਾਂ ਜਦੋਂ ਵੀ ਸ਼੍ਰੋਮਣੀ ਕਮੇਟੀ 'ਤੇ ਕਾਬਜ ਪਰਿਵਾਰ ਦੀਆਂ ਆਪਹੁਦਰੀਆਂ ਦੇ ਖਿਲਾਫ ਜਾਣਗੀਆਂ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਲੋਕਾਂ ਵਿੱਚ ਬੇਇੱਜਤ ਕੀਤਾ ਜਾਂਦਾ ਰਹੇਗਾ। ਇਸ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਤੋਂ ਹੋਈ ਸੀ ਜਿਨਾਂ ਨੂੰ 1999 ਵਿੱਚ ਸ ਪ੍ਰਕਾਸ਼ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਤੋਂ ਬਾਅਦ ਨਵੀਂ ਐਗਜੈਕਟਿਵ ਕਮੇਟੀ ਤੋਂ ਹਟਵਾਇਆ ਸੀ। ਉਹਨਾਂ ਦੀ ਥਾਂ ਆਉਣ ਵਾਲੇ ਗਿਆਨੀ ਪੂਰਨ ਸਿੰਘ ਨੂੰ ਵੀ ਜਦੋਂ ਹਟਾਇਆ ਗਿਆ ਤਾਂ ਉਹ ਆਪਣੇ ਜੁੱਤੇ ਗੱਡੀ ਵਿੱਚ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਉਹਨਾਂ ਦੀ ਗੱਡੀ ਵਾਪਸ ਲੈ ਲਈ ਗਈ ਤਾਂ ਉਹਨਾਂ ਨੂੰ ਨੰਗੇ ਪੈਰੀਂ ਘਰ ਜਾਣਾ ਪਿਆ ਸੀ। ਉਸੇ ਭੈੜੀ ਰਿਵਾਇਤ ਨੂੰ ਜਾਰੀ ਰੱਖਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਫਿਰ ਗਿਆਨੀ ਰਘਬੀਰ ਸਿੰਘ ਨੂੰ ਵੀ ਅਹੁਦਿਆਂ ਤੋਂ ਵੱਖ ਕੀਤਾ ਗਿਆ। ਪਰ ਹੁਣ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਸਮਾਨ ਚੁੱਕਣ ਲੱਗਿਆਂ ਤੰਗ ਪਰੇਸ਼ਾਨ ਕਰਨ ਦੀ ਨਵੀਂ ਰਿਵਾਇਤ ਪਾਈ ਗਈ ਹੈ। ਉਪਰੋਕਤ ਆਗੂਆਂ ਨੇ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸਿੰਘ ਸਾਹਿਬ ਖਿਲਾਫ ਹੋਈ ਇਸ ਅਪਮਾਨਜਨਕ ਘਟਨਾ ਖਿਲਾਫ ਜੋਰਦਾਰ ਅਵਾਜ ਉਠਾਉਣ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
Click to Follow Babushahi Facebook page →