SCST ਐਕਟ ਤਹਿਤ ਦਰਜ ਮੁਕੱਦਮੇ ਦੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਧਰਨੇ 'ਚ ਸ਼ਮੂਲੀਅਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ ,16 ਨਵੰਬਰ 2026: ਮਜ਼ਦੂਰ ਆਗੂ ਤੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੇ ਸਾਥੀਆਂ ਖਿਲਾਫ ਇੱਕ ਮਹੀਨਾ ਪਹਿਲਾਂ ਐੱਸ ਸੀ /ਐੱਸ ਟੀ ਐਕਟ ਤਹਿਤ ਦਰਜ ਮੁਕੱਦਮਾ ਦਰਜ਼ ਹੋਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਾਂ ਕਰਨ ਵਿਰੁੱਧ ਵੱਖ ਵੱਖ ਜਨਤਕ ਜਮਹੂਰੀ ਤੇ ਸਾਹਿਤਕ ਜਥੇਬੰਦੀਆਂ ਵੱਲੋਂ 22 ਨਵੰਬਰ ਨੂੰ ਡੀਐਸਪੀ ਨਕੋਦਰ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਭਰਵੀਂ ਸ਼ਮੂਲੀਅਤ ਕਰੇਗੀ।ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੋਸ਼ ਲਾਇਆ ਕਿ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਕਥਿਤ ਸਿਆਸੀ ਦਬਾਅ ਕਾਰਨ ਨਕੋਦਰ ਪੁਲਿਸ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕਰ ਰਹੀ।
ਉਹਨਾਂ ਦੱਸਿਆ ਕਿ ਇਸ ਧਰਨੇ ਵਿੱਚ ਜਲੰਧਰ ਤੋਂ ਇਲਾਵਾ ਮੋਗਾ, ਫਰੀਦਕੋਟ, ਬਰਨਾਲਾ, ਮਾਲੇਰਕੋਟਲਾ , ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਆਦਿ ਜ਼ਿਲਿਆਂ 'ਚੋਂ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਸਤਾਧਾਰੀ ਵਿਧਾਇਕਾ ਤੇ ਆਪ ਪਾਰਟੀ ਦੀ ਸਰਪ੍ਰਸਤੀ ਹੋਣ ਕਾਰਨ ਹੀ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਵਰਨਣਯੋਗ ਕਿ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸਰਾਜ ਦੀ ਯਾਦ ਵਿੱਚ ਬਣੇ ਯਾਦਗਾਰੀ ਕੰਪਲੈਕਸ 'ਤੇ ਸਰਪੰਚ ਅਤੇ ਉਸਦੀ ਢਾਣੀ ਕਥਿਤ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਦਰਮਿਆਨ ਹੀ ਮਜ਼ਦੂਰ ਆਗੂ ਜਦੋਂ ਆਪਣੇ ਸਾਥੀਆਂ ਨਾਲ ਕੰਪਲੈਕਸ ਵਿੱਚ ਪਾਸ਼ ਯਾਦਗਾਰੀ ਸਮਾਗਮ ਲਈ ਤਿਆਰੀ ਕਰਵਾ ਰਿਹਾ ਸੀ ਤਾਂ ਸਰਪੰਚ ਅਤੇ ਉਸਦੇ ਹਮਾਇਤੀਆਂ ਨੇ ਹਮਲਾ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਜਨਤਕ ਤੌਰ 'ਤੇ ਅਪਮਾਨਤ ਕੀਤਾ ਅਤੇ ਇੱਕ ਵਲੰਟੀਅਰ ਦਾ ਮੋਬਾਈਲ ਲੁੱਟ ਲਿਆ ਗਿਆ ਪਰ ਸਿਆਸੀ ਸ਼ਹਿ ਹੋਣ ਕਾਰਨ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ । ਉਹਨਾਂ ਮੰਗ ਕੀਤੀ ਕਿ ਮਜ਼ਦੂਰ ਆਗੂ ਹਰਮੇਸ਼ ਮਾਲੜੀ ਦੇ ਬਿਆਨਾਂ ਤਹਿਤ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਫੌਰੀ ਗਿਰਫ਼ਤਾਰ ਕੀਤਾ ਜਾਵੇ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਵਿਰਾਸਤੀ ਯਾਦਗਾਰ ਦਾ ਦਰਜ਼ਾ ਦਿੱਤਾ ਜਾਵੇ।
- Download Babushahi App
-
-