Political Special -ਬੰਨ੍ਹ ਲਾਇਆਂ ਹਰ ਛੱਲ ਨੀਂ ਰੁਕਦੀ- ਪ੍ਰਸ਼ਾਤ ਦੀ ਜਿੱਤ ਨਾਲ ਹੋਈ ਭਾਜਪਾ ਦੀ ਸਿਆਸੀ ਮੁੱਛ ਨੀਵੀਂ
ਅਸ਼ੋਕ ਵਰਮਾ
ਬਠਿੰਡਾ , 6 ਅਗਸਤ 2026 : ਬਿਹਾਰ ਦੇ ਬਾਂਕੀਪੁਰ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੌਰਾਨ ਚੋਣ ਰਣਨੀਤੀਕਾਰ ਅਤੇ ਜਨ ਸੁਰਾਜ ਪਾਰਟੀ ਦੇ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਭਾਰਤੀ ਜੰਤਾ ਪਾਰਟੀ ਨੂੰ ਹਰਾਕੇ ਮੁਲਕ ਦੇ ਸਿਆਸੀ ਇਤਿਹਾਸ ’ਚ ਇੱਕ ਨਵਾਂ ਅਧਿਆਏ ਰਚ ਦਿੱਤਾ ਹੈ। ਇਹ ਸੀਟ ਭਾਜਪਾ ਦੇ ਕੌਮੀ ਪ੍ਰਧਾਨ ਤੇ ਦਿਓ ਕੱਦ ਆਗੂ ਨਿਤਿਨ ਨਾਬੀਨ ਦੇ ਰਾਜ ਸਭਾ ਲਈ ਚੁਣੇ ਜਾਣ ਪਿਛੋਂ ਖਾਲੀ ਹੋਈ ਸੀ। ਬਿਹਾਰ ’ਚ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਅਤੇ ਸਮਰਾਟ ਚੌਧਰੀ ਨੂੰ ਸੀਐਮ ਬਨਾਉਣ ਤੋਂ ਬਾਅਦ ਭਾਜਪਾ ਦਾ ਇਹ ਪਹਿਲਾ ਵੱਡ ਸਿਆਸੀ ਇਮਤਿਹਾਨ ਸੀ ਜਿਸ ’ਚ ਭਗਵਾ ਪਾਰਟੀ ਪੂਰੀ ਤਰਾਂ ਫੇਲ੍ਹ ਰਹੀ ਹੈ। ਇਸ ਖਿੱਤੇ ਚੋਂ ਲਗਾਤਾਰ ਜਿੱਤਣ ਵਾਲੀ ਭਾਜਪਾ ਲਈ ਇਹ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਸਾਫ ਹੋਇਆ ਹੈ ਕਿ ਲੋਕ ਰੋਹ ਦੇ ਝੱਖੜ ਅੱਗੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਝੁਕਣਾ ਪੈਂਦਾ ਹੈ।
ਸਿਆਸੀ ਮਾਹਿਰਾਂ ਵੱਲੋਂ ਵੀ ਜਿਮਨੀ ਚੋਣ ਦਾ ਨਤੀਜਾ ਇੱਕਤਰਫਾ ਰਹਿਣ ਸਬੰਧੀ ਅਨੁਮਾਨ ਲਾਏ ਜਾ ਰਹੇ ਸਨ ਪਰ ਜਿੱਤ ਹਾਰ ਦਾ ਫਰਕ ਇੰਨ੍ਹਾਂ ਅਨੁਮਾਨਾਂ ਨਾਲੋਂ ਕਿਤੇ ਵੱਡਾ ਰਿਹਾ ਹੈ। ਇਸ ਚੋਣ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਨੀਰਜ ਸਿਨਹਾ ਨੂੰ 19 ਹਜ਼ਾਰ 324 ਵੋਟਾਂ ਨਾਲ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ 2005 ’ਚ ਨਿਤਿਨ ਨਾਬੀਨ ਨੇ ਖੁਦ ਨੂੰ ਬਿਹਾਰ ਦੀ ਸੱਤਾ ਦਾ ਪ੍ਰਮੁੱਖ ਦਾਅਵੇਦਾਰ ਦੱਸਣ ਵਾਲੀ ‘ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਰੇਖਾ ਕੁਮਾਰੀ ਨੂੰ 51 ਹਜ਼ਾਰ 936 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ ਸੀ। ਇੰਨ੍ਹਾਂ ਚੋਣ ਨਤੀਜਿਆਂ ਦਾ ਇੱਕ ਪੱਖ ਇਹ ਵੀ ਹੈ ਕਿ ਜਿਮਨੀ ਚੋਣ ਦੌਰਾਨ ਮਸਾਂ 14 ਹਜ਼ਾਰ 273 ਵੋਟਾਂ ਹਾਸਲ ਕਰ ਸਕਣ ਵਾਲੀ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਰੇਖਾ ਕੁਮਾਰੀ ਸਮੇਤ 23 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ।
.jpg)
ਜਾਣਕਾਰੀ ਅਨੁਸਾਰ ਨਵੰਬਰ 2005 ’ਚ ਹੋਈ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਨਿਤਿਨ ਨਾਬੀਨ ਨੂੰ 98 ਹਜ਼ਾਰ 299 ਵੋਟਾਂ ਪਈਆਂ ਸਨ ਜਦੋਂਕਿ ਦੂਸਰੇ ਨੰਬਰ ’ਤੇ ਰਹਿਣ ਵਾਲੀ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਰੇਖਾ ਕੁਮਾਰੀ ਨੂੰ ਪਈਆਂ ਵੋਟਾਂ ਦਾ ਅੰਕੜਾ 46 ਹਜ਼ਾਰ 363 ਸੀ। ਹੁਣ ਜਿਮਨੀ ਚੋਣ ਮੌਕੇ ਪ੍ਰਸ਼ਾਂਤ ਕਿਸ਼ੋਰ ਨੂੰ 64 ਹਜ਼ਾਰ 151 ਵੋਟਾਂ ਪਈਆਂ ਜਦੋਂਕਿ ਆਮ ਚੋਣਾਂ ਦੇ 8 ਮਹੀਨੇ ਬਾਅਦ ਭਾਜਪਾ ਦੇ ਨੀਰਜ ਸਿਨਹਾ 44 ਹਜ਼ਾਰ 827 ਵੋਟਾਂ ਹੀ ਹਾਸਲ ਕਰ ਸਕੇ ਹਨ । ਨਿਤਿਨ ਨਾਬੀਨ ਨੂੰ ਨਵੰਬਰ 2025 ’ਚ ਪਈਆਂ ਵੋਟਾਂ ਨਾਲੋਂ ਇਹ ਅੰਕੜਾ 53 ਹਜ਼ਾਰ 472 ਘੱਟ ਹੈ ਜਦੋਂਕਿ ਉਦੋਂ ਜਿੱਤ ਹਾਰ ਦਾ ਫਰਕ ਹੀ 51 ਹਜ਼ਾਰ ਤੋਂ ਜਿਆਦਾ ਰਿਹਾ ਸੀ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਭਾਜਪਾ ਦੇ ਸਨੀਅਰ ਆਗੂ ਨਿਤਿਨ ਨਾਬੀਨ ਬਾਂਕੀਪੁਰ ਵਿਧਾਨ ਸਭਾ ਹਲਕੇ ਤੋਂ ਸਾਲ 2006 ਤੋਂ ਲਗਾਤਰ ਜਿੱਤਕੇ ਵਿਧਾਇਕ ਬਣਦੇ ਆ ਰਹੇ ਸਨ।
ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤੋਂ ਪਹਿਲਾਂ ਜਦੋਂ ਇਸ ਹਲਕੇ ਦਾ ਨਾਮ ‘ਪਟਨਾ ਪੱਛਮੀ ’ ਹੁੰਦਾ ਸੀ ਤਾਂ ਇੱਥੋਂ ਸਾਲ 1995 ਤੋਂ 2005 ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਾਬੀਨ ਦੇ ਪਿਤਾ ਨਾਬੀਨ ਕਿਸ਼ੋਰ ਪ੍ਰਸਾਦ ਸਿਨਹਾ ਨੇ ਵੀ ਭਾਜਪਾ ਤਰਫੋਂ ਜਿੱਤਾਂ ਹਾਸਲ ਕੀਤੀਆਂ ਸਨ। ਇਸ ਕਰਕੇ ਹੀ ਇਸ ਪੂਰੇ ਇਲਾਕੇ ਨੂੰ ਭਾਜਪਾ ਦਾ ਸਿਆਸੀ ਤੌਰ ’ਤੇ ਗੜ੍ਹ ਅਤੇ ਤੋੜਿਆ ਨਾਂ ਜਾ ਸਕਣਾ ਵਾਲਾ ਕਿਲਾ ਮੰਨਿਆ ਜਾਂਦਾ ਸੀ। ਕਰੀਬ 4 ਦਹਾਕਿਆਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਦੂਸਰੀ ਤਾਕਤ ਨੇ ਭਾਜਪਾ ਦੇ ਸਭ ਤੋਂ ਚੋਟੀ ਦੇ ਕੌਮੀ ਆਗੂ ਦੇ ਹਲਕੇ ’ਚ ਜਬਰਦਸਤ ਢੰਗ ਨਾਲ ਪੈਰ ਧਰਾਵਾ ਕਰਦਿਆਂ ਖੱਬੀਖਾਨ ਸਿਆਸਤਦਾਨਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ ਹੈ। ‘ਦੈਨਿਕ ਭਾਸਕਰ’ ਦੀ ਰਿਪੋਰਟ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਜੇਤੂ ਵੋਟਾਂ ਦਾ ਅੰਕੜਾ ਹਰ ਰਾਊਂਡ ’ਚ ਵਧਦਾ ਹੀ ਗਿਆ ਅਤੇ 15 ਹਜ਼ਾਰ ਟੱਪਦਿਆਂ ਪੀਕੇ ਸਮਰਥਕ ਭੰਗੜੇ ਪਾਉਣ ਲੱਗੇ ਸਨ।
ਧੁਰੰਧਰਾਂ ਦੇ ਬੂਥਾਂ ’ਤੇ ਪਛੜੀ ਭਾਜਪਾ
ਚੋਣ ਨਤੀਜਿਆਂ ਅਨੁਸਾਰ ਭਾਜਪਾ ਵੱਡੇ ਲੀਡਰਾਂ ਦੇ ਬੂਥਾਂ ’ਤੇ ਪਛੜੀ ਹੈ। ਨਿਛਿਨ ਨਾਬੀਨ ਦਾ ਬਚਪਨ ਪੀਰ ਸੁਹਾਨੀ ’ਚ ਬੀਤਿਆ ਸੀ ਜਿੱਥੋਂ ਦੇ ਬੂਥ ਚੋਂ ਭਾਜਪਾ ਨੂੰ 88 ਅਤੇ ਪ੍ਰਸ਼ਾਂਤ ਕਿਸ਼ੋਰ ਨੂੰ 152 ਵੋਟਾਂ ਪਈਆਂ ਹਨ। ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਪਟਨਾ ’ਚ ਲੜਕੀਆਂ ਦੇ ਕਾਲਜ ’ਚ ਵੋਟ ਪਾਈ ਜਿੱਥੇ ਭਾਜਪਾ ਨੂੰ 89 ਅਤੇ ਪੀਕੇ ਨੂੰ 91 ਵੋਟ ਪਏ। ਮੰਤਰੀ ਰਾਮਕ੍ਰਿਪਾਲ ਯਾਦਵ ਦੇ ਵੋਟਿੰਗ ਵਾਲੇ ਬੂਥ ’ਤੇ ਵੀ ਭਾਜਪਾ ਨੂੰ 89 ਅਤੇ ਜਨ ਸੁਰਾਜ ਨੂੰ 91 ਵੋਟਾਂ ਪਈਆਂ ਹਨ। ਭਾਜਪਾ ਨੇਤਾ ਸੀ ਪੀ ਠਾਕੁਰ ਦੇ ਬੂਥ ’ਤੇ ਵੀ ਜਨ ਸੁਰਾਜ ਮੋਹਰੀ ਰਿਹਾ ਹੈ।
59 ਸਾਲ ਬਾਅਦ ਉਲਟਫੇਰ
ਤੱਥਾਂ ਮੁਤਾਬਕ 1967 ’ਚ ਬਾਂਕੀਪੁਰ ਹਲਕੇ ਦਾ ਨਾਮ ਪਟਨਾ ਪੱਛਮੀ ਹੁੰਦਾ ਸੀ ਤਾਂ ਇਸ ਮੌਕੇ ਮਹਾਂਮਾਇਆ ਪ੍ਰਸ਼ਾਦ ਸਿਨਹਾ ਨੇ ਤੱਤਕਾਲੀ ਮੁੱਖ ਮੰਤਰੀ ਕ੍ਰਿਸ਼ਨ ਵੱਲਭ ਸਹਾਏ ਨੂੰ ਹਰਾਇਆ ਸੀ। ਮਗਰੋਂ ਮਹਾਂਮਾਇਆ ਪ੍ਰਸ਼ਾਦ ਸਿਨਹਾ ਮੁੱਖ ਮੰਤਰੀ ਵੀ ਬਣੇ ਸਨ ਅਤੇ ਕਾਂਗਰਸ ਨਾਲੋਂ ਵੱਖ ਹੋਕੇ ਆਪਣੀ ਪਾਰਟੀ ਕ੍ਰਾਂਤੀ ਦਲ ਵੀ ਬਣਾਈ ਸੀ। ਐਤਕੀਂ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਾਬੀਨ ਦੇ ਹਲਕੇ ’ਚ ਜਿੱਤ ਦਰਜ ਕਰਕੇ 59 ਸਾਲ ਬਾਅਦ ਵੱਡਾ ਸਿਆਸੀ ਉਲਟਫੇਰ ਕੀਤਾ ਹੈ।
- Download Babushahi App
-
-