Diwali Special ਤੁਸੀਂ ਜਗੋ ਦੀਵਿਓ ਬਾਦਸ਼ਾਹਾਂ ਤੋਂ ਚੋਰੀ ਬਾਗੀਆਂ ਦੇ ਬੂਹੇ ਜੋ ਮੁਫਲਿਸਾਂ ਲਈ ਬਲਦੇ ਬਣਕੇ ਦੀਵੇ
ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ 2025:ਬੱਸ ਕੰਡਕਟਰ ਵਰਗੀ ਹੋ ਗਈ ਜਿੰਦਗੀ ਜਿਸ ਨੂੰ ਸਫਰ ਨਿੱਤ ਦਾ ਪਰ ਪਹੁੰਚਣਾ ਕਿਤੇ ਵੀ ਨਹੀਂ । ਇਹ ਹਾਲ ਪੰਜਾਬ ਦੇ ਦਰਜਨਾਂ ਕਿਸਾਨ ਮਜ਼ਦੂਰ ਆਗੂਆਂ ਦਾ ਹੈ ਜਿੰਨ੍ਹਾਂ ਨੇ ਲੋਕ ਪੱਖੀ ਲੜਾਈ ਲੜਦਿਆਂ ਉਮਰ ਦਾ ਸੁਨਹਿਰੀ ਸਮਾਂ ਪਾਰ ਕਰ ਲਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੇਠੂਕੇ ਦਾ ਕਿਸਾਨ ਨੇਤਾ ਝੰਡਾ ਸਿੰਘ ਅਜਿਹੇ ਲੋਕਾਂ ’ਚ ਮੋਹਰੀ ਹੈ। ਨੌਜਵਾਨ ਭਾਰਤ ਸਭਾ ਉਸਦੀ ਪਹਿਲੀ ਪੌੜੀ ਸੀ ਤੇ ਹੁਣ ਉਹ ਬੀਕੇਯੂ ਉਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਹੈ। ਝੰਡਾ ਸਿੰਘ ਤੇ ਹੁਣ ਤੱਕ 50 ਤੋਂ ਵੱਧ ਕੇਸ ਦਰਜ ਹੋਏ ਹਨ , ਪੁਲਿਸ ਦੀ ਕੁੱਟ ਵੀ ਝੱਲੀ ਅਤੇ ਜੇਲ੍ਹਾਂ ਵੀ ਦੇਖੀਆਂ ਪਰ ਈਨ ਨਹੀਂ ਮੰਨੀ। ਝੰਡਾ ਸਿੰਘ ਨੂੰ ਕਿਸਾਨੀ ਹੱਕਾਂ ਲਈ ਅਕਸਰ ਖੱਬੀਖਾਨ ਅਫਸਰਾਂ ਨਾਲ ਭਿੜਦਿਆਂ ਦੇਖਿਆ ਜਾ ਸਕਦਾ ਹੈ। ਜਦੋਂ ਵੀ ਕਿਸਾਨ ਘੋਲਾਂ ’ਚ ਟਕਰਾਅ ਬਣਦਾ ਉਦੋਂ ਪੁਲੀਸ ਨੂੰ ਸਭ ਤੋਂ ਵੱਧ ਭਾਲ ਝੰਡਾ ਸਿੰਘ ਦੀ ਰਹਿੰਦੀ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਅਜਿਹੇ ਆਗੂਆਂ ਚੋਂ ਇੱਕ ਹੈ। ਜਦੋਂ ਮਹਿਲ ਕਲਾਂ ਦੀ ਸਕੂਲੀ ਬੱਚੀ ਕਿਰਨਜੀਤ ਕੌਰ ਨਾਲ ਅਨਰਥ ਹੋਇਆ ਤਾਂ ਉਦੋਂ ਧਨੇਰ ਨੇ ਇਨਸਾਫ ਲਈ ਪਿੰਡੋਂ ਪੈਰ ਪੁੱਟਿਆ ਅਤੇ ਉਹ ਉਦੋਂ ਤੱਕ ਲੜਿਆ ਦੋਸ਼ੀ ਸਲਾਖਾਂ ਪਿਛੇ ਨਾ ਚਲੇ ਗਏ। ਇਸ ਲੜਾਈ ਦੌਰਾਨ ਧਨੇਰ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਉਮਰ ਕੈਦ ਹੋਈ ਸੀ। ਦੋ ਦੀ ਸਜ਼ਾ ਮੁਆਫ ਹੋ ਗਈ ਪਰ ਸਿਆਸੀ ਅੱਖਾਂ ’ਚ ਰੜਕਣ ਵਾਲੇ ਧਨੇਰ ਨੂੰ ਜੇਲ੍ਹ ’ਚ ਡੱਕੀ ਰੱਖਿਆ। ਸੰਘਰਸ਼ ਕਮੇਟੀ ਨੇ ਬਰਨਾਲਾ ਜੇਲ੍ਹ ਅੱਗੇ ਮੋਰਚਾ ਲਾਕੇ ਉਸ ਦੀ ਸਜ਼ਾ ਰੱਦ ਕਰਵਾਈ ਸੀ। ਆਪਣੀ ਮੂਲ ਜੱਥੇਬੰਦੀ ਨਾਲੋ ਵੱਖਰਾ ਰਸਤਾ ਅਖਤਿਆਰ ਕਰਨ ਵਾਲਾ ਧਨੇਰ ਹੁਣ ਕਿਸਾਨਾਂ ਦਾ ਝੰਡਾਬਰਦਾਰ ਬਣਕੇ ਉਭਰਿਆ ਹੈ । ਉਸ ਨੂੰ ਕਿਸਾਨੀ ਦਾ ਦਰਦ ਆਪਣਾ ਜਾਪਦਾ ਹੈ। ਉਹ ਆਖਦਾ ਹੈ ਕਿ ਮੁਲਕ ਦੀਆਂ ਹਕੂਮਤਾਂ ਨੂੰ ਕਿਸਾਨਾਂ ਵੱਲੋਂ ਕੰਧ ’ਤੇ ਲਿਖਿਆ ਪੜ੍ਹਣਾ ਚਾਹੀਦਾ ਹੈ।
ਇਸੇ ਤਰ੍ਹਾਂ ਬਠਿੰਡਾ ਜਿਲ੍ਹੇ ਦੇ ਪਿੰਡ ਗਿੱਦੜ ਦਾ ਸ਼ੇਰਾਂ ਦੀ ਤਾਸੀਰ ਵਾਲਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਹੈ ਜਿਸ ਨੇ ਛੋਟੀ ਉਮਰੇ ਹੀ ਪੁਲੀਸ ਦੀ ਏਨੀ ਕੁੱਟ ਝੱਲੀ ਜਿਸ ਨੇ ਸਦਾ ਲਈ ਬੇਖ਼ੌਫ ਕਰ ਦਿੱਤਾ। ਪੰਜ ਜਮਾਤਾਂ ਪਾਸ ਸ਼ਿੰਗਾਰਾ ਸਿੰਘ ਮਾਨ ਬਹਿਸ ਦੌਰਾਨ ਕਿਸੇ ਨੂੰ ਨੇੜੇ ਨਹੀਂ ਢੁੱਕਣ ਦਿੰਦਾ ਹੈ। ਜਦੋਂ ਸਾਲ 2000 ਵਿੱਚ ਜੇਠੂਕੇ ਕਾਂਡ ਹੋਇਆ ਤਾਂ ਉਸ ’ਤੇ ਪੁਲੀਸ ਨੇ ਚਾਰ ਕੇਸ ਦਰਜ ਕਰ ਦਿੱਤੇ ਜਿੰਨ੍ਹਾਂ ਦੇ ਇਵਜ਼ ’ਚ ਉਹ ਲਗਾਤਰ 100 ਦਿਨ ਜੇਲ੍ਹ ’ਚ ਰਿਹਾ ਸੀ। ਹੁਣ ਤੱਕ ਉਸ ਤੇ 4 ਦਰਜਨ ਦੇ ਕਰੀਬ ਮੁਕੱਦਮੇ ਦਰਜ ਹੋ ਚੁੱਕੇ ਹਨ। ਬਠਿੰਡਾ ਪੁਲਿਸ ਤਾਂ ਸ਼ਿੰਗਾਰਾ ਸਿੰਘ ਨੂੰ ਵਾਰ ਵਾਰ ਜੇਲ੍ਹ ਅੰਦਰ ਡੱਕਦੀ ਰਹੀ ਪਰ ਉਸ ਨੂੰ ਡੁਲਾ ਨਾਂ ਸਕੀ। ਸ਼ਿੰਗਾਰਾ ਸਿੰਘ ਮਾਨ ਆਖਦਾ ਹੈ ਕਿ ਜੇਲ੍ਹ ਤਾਂ ਇੱਕ ਤਰਾਂ ਨਾਲ ਆਰਾਮ ਘਰ ਹੈ ਜਿਥੇ ਲੋਕ ਹਿੱਤਾਂ ਦੀ ਲੜਾਈ ਲੜਨ ਦੇ ਬਦਲੇ ਜਾਣਾ ਪੈਂਦਾ ਹੈ।
ਪੰਜਾਬ ਖੇਤ ਮਜਦੂਰ ਯੂਨੀਅਨ ਦਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੂੰ ਜਦੋਂ ਖੇਤ ਮਜ਼ਦੂਰਾਂ ਦੇ ਦਰਦ ਨੇ ਸੌਣ ਨਾਂ ਦਿੱਤਾ ਤਾਂ ਉਸ ਨੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਨੂੰ ਤਰਜੀਹ ਦਿੱਤੀ। ਹੁਣ ਉਹ ਜੱਥੇਬੰਦੀ ਦਾ ਕੁਲਵਕਤੀ ਕਾਰਕੁੰਨ ਹੈ। ਜਦੋਂ ਮੁਕਤਸਰ ਜਿਲ੍ਹੇ ਦੇ ਪਿੰਡ ਗੰਧੜ ’ਚ ਇੱਕ ਬੱਚੀ ਨਾਲ ਧੱਕਾ ਹੋਇਆ ਤਾਂ ਉਸ ਨੇ ਭਰਾਤਰੀ ਧਿਰਾਂ ਦੇ ਸਹਿਯੋਗ ਨਾਲ ਲੜਾਈ ਲੜੀ ਤੇ ਅੰਤ ਨੂੰ ਜਿੱਤ ਕੇ ਸਾਹ ਲਿਆ। ਇਸ ਮਜ਼ਦੂਰ ਆਗੂ ਤੇ ਵੀ ਕਈ ਪੁਲਿਸ ਕੇਸ ਦਰਜ ਹੋਏ ਹਨ ਅਤੇ ਜੇਲ੍ਹ ਤੋਂ ਇਲਾਵਾ ਪੁਲਿਸ ਦੀ ਕੁੱਟ ਵੀ ਝੱਲਣੀ ਪਈ ਹੈ। ਕਈ ਮੁੱਖ ਮੰਤਰੀਆਂ ਅਤੇ ਮੰਤਰੀਆਂ ਨਾਲ ਗੱਲਬਾਤ ਦੀ ਮੇਜ਼ ’ਤੇ ਬੈਠਾ ਅਤੇ ਸਰਕਾਰਾਂ ਨੂੰ ਲਾਜਵਾਬ ਵੀ ਕਰ ਚੁੱਕਿਆ ਹੈ। ਜਦੋਂ ਪਿੰਡ ਚੰਦ ਭਾਨ ’ਚ ਮਜ਼ਦੂਰਾਂ ਤੇ ਜਬਰ ਹੋਇਆ ਤਾਂ ਉਸ ਦਾ ਖੂਨ ਖੌਲ ਗਿਆ । ਉਸ ਦੀ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਲੜਾਈ ਜਾਰੀ ਹੈ।
ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਤਮਾਮ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾ ਦਿੱਤੀ ਹੈ। ਉਸ ’ਤੇ ਦਰਜਨਾਂ ਪੁਲੀਸ ਕੇਸ ਦਰਜ ਹੋਏ ਹਨ। ਉਹ ਹਮੇਸ਼ਾ ਪੁਲੀਸ ਦੀਆਂ ਅੱਖਾਂ ਵਿਚ ਰੜਕ ਪਾਉਂਦਾ ਆ ਰਿਹਾ ਹੈ। ਉਹ ਆਖਦਾ ਹੈ ਕਿ ਪੁਲੀਸ ਕੇਸ ਤਾਂ ਤਗਮਾ ਲੱਗਦੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦਾ ਲੋਕ ਸੰਘਰਸ਼ ਦਾ ਵੱਡਾ ਇਤਿਹਾਸ ਹੈ। ਸਿਰਫ 19 ਸਾਲ ਦੀ ਉਮਰ ਵਿਚ ਸੰਘਰਸ਼ੀ ਮੈਦਾਨ ਵਿਚ ਕੁੱਦੇ ਇਸ ਆਗੂ ਤੇ ਦਰਜਨਾਂ ਪਰਚੇ ਦਰਜ ਹੋ ਚੁੱਕੇ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਜੋਰਾ ਸਿੰਘ ਨੁਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਜਗਜੀਤ ਸਿੰਘ ਡੱਲੇਵਾਲ, ਹਰਿੰਦਰ ਕੌਰ ਬਿੰਦੂ, ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਕਿਸਾਨੀ ਹਿੱਤਾਂ ਖਾਤਰ ਕਿਸਾਨਾਂ ਦੇ ਵਕੀਲ ਬਣਕੇ ਹਕੂਮਤਾਂ ਅੱਗੇ ਹਿੱਕਾਂ ਡਾਹਕੇ ਖਲੋਂਦੇ ਹਨ ਬੇਸ਼ੱਕ ਇਹ ਕਠਿਨ ਪ੍ਰੀਖਿਆ ਹੈ।
ਮੋਰਚਿਆਂ ’ਚ ਜਾਨ ਪਾਈ
ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਵਿਚਾਰਧਾਰਕ ਪੱਖੋਂ ਕਿਵੇਂ ਵੀ ਦੇਖਿਆ ਜਾਂਦਾ ਹੋਵੇ ਪਰ ਇੰਨ੍ਹਾਂ ਆਗੂਆਂ ਨੇ ਕਿਸਾਨ ਮੋਰਚਿਆਂ ਵਿੱਚ ਜਾਨ ਪਾਈ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਕਿਸਾਨੀ ਦਾ ਨਾਇਕ ਹਨ ਇਹ ਵੱਖਰੀ ਗੱਲ ਹੈ ਉਹ ਪੁਲਿਸ ਅਤੇ ਸਿਆਸਤ ਦੀਆਂ ਅੱਖਾਂ ’ਚ ਹਮੇਸ਼ਾ ਰੜਕਦੇ ਰਹਿੰਦੇ ਹਨ।