ਕੈਨੇਡਾ: ਡੈਲਟਾ ਵਿਖੇ ਹੋਈ ਗੋਲਬਾਰੀ 'ਚ 29 ਸਾਲਾ ਪੰਜਾਬੀ ਨੌਜਵਾਨ ਦੀ ਮੌਤ
ਹਰਦਮ ਮਾਨ
ਸਰੀ, 22 ਜਨਵਰੀ 2025-20 ਜਨਵਰੀ ਨੂੰ ਸਵੇਰੇ ਡੈਲਟਾ ਵਿਖੇ ਹੋਈ ਗੋਲਬਾਰੀ ਵਿਚ 29 ਸਾਲਾ ਪੰਜਾਬੀ ਨੋਜਵਾਨ ਗੁਰਵਿੰਦਰ ਉੱਪਲ ਦੀ ਮੌਤ ਹੋ ਗਈ। ਡੈਲਟਾ ਪੁਲਿਸ ਵਿਭਾਗ (ਡੀਪੀਡੀ) ਨੇ ਅੱਜ (ਮੰਗਲਵਾਰ) ਨੂੰ ਦੱਸਿਆ ਹੈ ਕਿ ਗੁਰਵਿੰਦਰ ਉੱਪਲ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਹਸਪਤਾਲ ਵਿੱਚ ਦਮ ਤੋੜ ਗਿਆ।
ਪੁਲਿਸ ਅਨੁਸਾਰ 20 ਜਨਵਰੀ ਨੂੰ ਸਵੇਰੇ 7:18 ਵਜੇ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਡੈਲਟਾ ਪੁਲਿਸ 112B ਸਟਰੀਟ ਦੇ 8100-ਬਲਾਕ ਵਿੱਚ ਇੱਕ ਰਿਹਾਇਸ਼ ਮਕਾਨ ‘ਤੇ ਪੁੱਜੀ ਤਾਂ ਇਕ ਆਦਮੀ ਜ਼ਖਮੀ ਹੋਇਆ ਮਿਲਿਆ। ਜਿਸ ਦੀ ਪਛਾਣ ਹੁਣ ਗੁਰਵਿੰਦਰ ਉੱਪਲ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਤੋਂ ਬਾਅਦ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਉੱਥੋਂ ਨਿਕਲਦਾ ਦੇਖਿਆ ਗਿਆ ਅਤੇ ਬਾਅਦ ਵਿਚ ਸਵੇਰੇ 7:26 ਵਜੇ ਪੁਲਿਸ ਨੇ ਬਲੇਕ ਡਰਾਈਵ ਦੇ 7300-ਬਲਾਕ ਵਿੱਚ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਅੱਗ ਨਾਲ ਸੜਦਾ ਦੇਖਿਆ।
ਡੈਲਟਾ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੀ.ਸੀ. ਗੈਂਗ ਟਕਰਾਅ ਦੀ ਹੀ ਇਕ ਘਟਨਾ ਜਾਪਦੀ ਹੈ ਜੋ ਕਿ ਗਿਣ ਮਿਥ ਕੇ ਕੀਤੀ ਗਈ ਹੈ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਡੈਲਟਾ ਪੁਲਿਸ ਵਿਭਾਗ (ਡੀਪੀਡੀ) ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਗੋਲੀਬਾਰੀ ਦੀ ਹੱਤਿਆ ਵਜੋਂ ਜਾਂਚ ਕਰ ਰਿਹਾ ਹੈ।
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
Click to Follow Babushahi Facebook page →