Breaking : ਭਗਵੰਤ ਮਾਨ ਨੇ ਜਾਖੜ ਅਤੇ ਵਿਰੋਧੀਆਂ ਨੂੰ ਦਿੱਤਾ ਮੋੜਵਾਂ ਜਵਾਬ
ਚੰਡੀਗੜ੍ਹ, 12 ਸਤੰਬਰ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾਵਾਂ, ਖਾਸ ਕਰਕੇ ਸੁਨੀਲ ਜਾਖੜ, ਵੱਲੋਂ ਹੜ੍ਹਾਂ ਅਤੇ ਹੋਰ ਮੁੱਦਿਆਂ 'ਤੇ ਕੀਤੇ ਗਏ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਹੈ।
ਜਾਖੜ ਨੂੰ ਜਵਾਬ: ਭਗਵੰਤ ਮਾਨ ਨੇ ਜਾਖੜ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਜਾਖੜ ਸਾਬ੍ਹ, ਸਾਡਾ ਨਾਮ ਸਿੱਖ ਲਓ, ਅਸੀਂ ਅੱਗੇ ਵੀ ਆਵਾਂਗੇ।" ਉਨ੍ਹਾਂ ਨੇ ਹਰਦੀਪ ਸਿੰਘ ਮੁੰਡੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਉਹ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੋਂ ਪੁੱਛ ਲੈਣ, ਜਿਨ੍ਹਾਂ ਨੂੰ ਮੁੰਡੀਆਂ ਨੇ ਸਾਹਨੇਵਾਲ ਤੋਂ ਹਰਾਇਆ ਸੀ। ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ 'ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸਾਰੇ ਕਾਂਗਰਸੀ ਅਤੇ ਕਾਂਗਰਸ ਤੋਂ ਭਾਜਪਾ ਵਿੱਚ ਮਾਈਗ੍ਰੇਟ ਹੋਏ ਲੋਕ ਵੀ ਬੈਠੇ ਸਨ।
'ਮੈਨ-ਮੇਡ ਫਲੱਡ' ਦੇ ਇਲਜ਼ਾਮ 'ਤੇ ਜਵਾਬ: ਹੜ੍ਹਾਂ ਨੂੰ 'ਮੈਨ-ਮੇਡ' ਕਹਿਣ ਵਾਲੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਜੇ ਹਰਿਆਣਾ ਨੂੰ ਪਾਣੀ ਦੇ ਵੀ ਦਿੱਤਾ ਜਾਂਦਾ ਤਾਂ ਵੀ ਪੰਜਾਬ ਵਿੱਚ ਹੜ੍ਹ ਆਉਣੇ ਹੀ ਸਨ, ਕਿਉਂਕਿ ਇਹ ਇੱਕ ਕੁਦਰਤੀ ਆਫ਼ਤ ਹੈ। ਉਨ੍ਹਾਂ ਨੇ ਦੱਸਿਆ ਕਿ ਪਹਾੜਾਂ ਵਿੱਚ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਕਾਰਨ ਪਾਣੀ ਡੈਮਾਂ ਵੱਲ ਆਇਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਮਾਣਹਾਨੀ ਨਹੀਂ, ਬਲਕਿ ਭਗਵੰਤ ਮਾਨ ਹਾਨੀ ਹੋਈ ਹੈ।
ਬੀਜਾਂ ਦੀ ਜਾਂਚ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਵੰਡੇ ਜਾਣ ਵਾਲੇ ਬੀਜਾਂ ਦੀ ਜਾਂਚ ਕਰਵਾਉਣਗੇ। ਇਹ ਐਲਾਨ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਨੂੰ ਇੱਕ ਲੱਖ ਏਕੜ ਵਿੱਚ ਬੀਜ ਦੇਣ ਦੇ ਐਲਾਨ ਤੋਂ ਬਾਅਦ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੰਡੇ ਗਏ ਬੀਜਾਂ ਅਤੇ ਹੁਣ ਵਾਲੇ ਬੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।