ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਬਚਾਉਣ ਲਈ ਬ੍ਰਹਮਪੁਰਾ ਨੇ ਗੁਰੂ ਚਰਨਾਂ 'ਚ ਕੀਤੀ ਇਤਿਹਾਸਕ ਅਰਦਾਸ
- 'ਅਸੂਲਾਂ ਅਤੇ ਪੰਜਾਬ ਦੀ ਜਵਾਨੀ ਦੇ ਮਾਮਲੇ ਵਿੱਚ ਅਸੀਂ ਨਾ ਝੁਕਾਂਗੇ, ਨਾ ਰੁਕਾਂਗੇ — ਬ੍ਰਹਮਪੁਰਾ
- ਅਰਦਾਸ ਉਪਰੰਤ ਦਾਗੀ ਅਨਸਰਾਂ ਖਿਲਾਫ਼ ਪਿੰਡ-ਪਿੰਡ ਜਾ ਕੇ ਵਿਆਪਕ ਮੁਹਿੰਮ ਵਿੱਢਣ ਦਾ ਐਲਾਨ
ਤਰਨ ਤਾਰਨ 22 ਅਪ੍ਰੈਲ 2026- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਪੈਰ ਪਸਾਰ ਰਹੇ ਨਸ਼ਿਆਂ, ਗੈਂਗਸਟਰਵਾਦ ਅਤੇ ਦਾਗੀ ਅਨਸਰਾਂ ਨੂੰ ਮਿਲ ਰਹੀ ਕਥਿਤ ਹਿਮਾਇਤ ਦੇ ਖ਼ਿਲਾਫ਼ ਇੱਕ ਵੱਡੀ ਲੋਕ-ਲਹਿਰ ਦਾ ਆਗਾਜ਼ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਸ੍ਰੀ ਚੋਹਲਾ ਸਾਹਿਬ ਵਿਖੇ ਭਾਰੀ ਸੰਗਤ ਸਮੇਤ ਗੁਰੂ ਚਰਨਾਂ ਵਿੱਚ ਇਤਿਹਾਸਕ ਅਰਦਾਸ ਕੀਤੀ। ਇਸ ਅਰਦਾਸ ਤੋਂ ਤੁਰੰਤ ਬਾਅਦ ਸ੍ਰ. ਬ੍ਰਹਮਪੁਰਾ ਵੱਲੋਂ ਇਲਾਕੇ ਨੂੰ ਮਾੜੇ ਅਨਸਰਾਂ ਤੋਂ ਮੁਕਤ ਕਰਵਾਉਣ ਲਈ ਪਿੰਡ-ਪਿੰਡ ਜਾ ਕੇ ਵਿਆਪਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਅਤੇ ਸੰਗਤਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਬਿਨਾਂ ਕਿਸੇ ਦਾ ਨਾਮ ਲਏ ਸਿਆਸੀ ਹਲਕਿਆਂ ਵਿੱਚ ਵੱਡਾ ਧਮਾਕਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ 8 ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਨੂੰ ਕਦੇ ਵੀ ਉਹਨਾਂ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਪਿਛੋਕੜ ਸੰਗੀਨ ਜੁਰਮਾਂ ਅਤੇ ਨਸ਼ਾ-ਤਸਕਰੀ ਨਾਲ ਜੁੜਿਆ ਹੋਵੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ, "ਸਿਆਸਤ ਵਿੱਚ ਅਹੁਦਿਆਂ ਜਾਂ ਕੁਰਸੀਆਂ ਦੀ ਖ਼ਾਤਰ ਪੰਥਕ ਅਸੂਲਾਂ ਅਤੇ ਸਾਡੀ ਆਉਣ ਵਾਲੀ ਨਸਲ ਦਾ ਸੌਦਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਸਿਆਸੀ ਧਿਰਾਂ ਇਨਸਾਫ਼ ਕਰਨ ਤੋਂ ਅੱਖਾਂ ਫ਼ੇਰ ਲੈਣ ਅਤੇ ਦਾਗੀ ਅਨਸਰਾਂ ਨੂੰ ਗਲ਼ੇ ਲਗਾਉਣ ਲੱਗ ਪੈਣ, ਤਾਂ ਖ਼ਾਲਸੇ ਕੋਲ ਸਿਰਫ਼ ਅਕਾਲ ਪੁਰਖ ਦੀ ਕਚਹਿਰੀ ਦਾ ਹੀ ਆਸਰਾ ਰਹਿ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਲੜਾਈ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ-2026' ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਨਾਲ ਲਾਗੂ ਕਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਇਤਿਹਾਸਕ ਫ਼ੈਸਲਿਆਂ ਦੀ ਸ਼ਲਾਘਾ ਆਪਣੀ ਜਗ੍ਹਾ ਹੈ, ਪਰ ਪੁਰਾਣੇ ਗੁਨਾਹਗਾਰਾਂ ਦੇ ਹਿਸਾਬ ਬਿਨਾਂ ਪੰਥ ਦਾ ਇਨਸਾਫ਼ ਨਹੀਂ ਹੋਵੇਗਾ... ਅਤੇ ਯਾਦ ਰਹੇ, ਖਡੂਰ ਸਾਹਿਬ ਦੀ ਅੱਜ ਦੀ ਖ਼ਾਮੋਸ਼ੀ ਕੋਈ ਕਮਜ਼ੋਰੀ ਨਹੀਂ, ਬਲਕਿ ਉਸ ਸਿਆਸੀ ਤੂਫ਼ਾਨ ਦੀ ਆਹਟ ਹੈ ਜੋ ਕਈਆਂ ਦੇ ਸਿਆਸੀ ਅਖਾੜਿਆਂ ਦੀਆਂ ਜੜ੍ਹਾਂ ਪੁੱਟ ਦੇਵੇਗਾ।
ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਜੋ ਤਾਕਤਾਂ ਸਿਆਸੀ ਛਤਰੀ ਹੇਠ ਪੰਜਾਬ ਦੇ ਉਜਾੜੇ ਦਾ ਕਾਰਨ ਬਣ ਰਹੀਆਂ ਹਨ, ਹਲਕੇ ਦੇ ਲੋਕ ਹੁਣ ਉਨ੍ਹਾਂ ਦੇ ਅਸਲੀ ਚਿਹਰੇ ਪਛਾਣ ਚੁੱਕੇ ਹਨ। ਇਸ ਮੌਕੇ ਹੋਏ ਭਾਰੀ ਇਕੱਠ ਅਤੇ ਸੰਗਤ ਦੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਕਿ ਸ੍ਰ. ਬ੍ਰਹਮਪੁਰਾ ਦੀ ਇਸ ਸਿਧਾਂਤਕ ਲੜਾਈ ਵਿੱਚ ਹਲਕੇ ਦੇ ਲੋਕ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਡਾਕਟਰ ਜਤਿੰਦਰ ਸਿੰਘ, ਦਿਲਬਾਗ ਸਿੰਘ ਕਾਹਲਵਾਂ, ਕੰਵਰਦੀਪ ਸਿੰਘ ਬ੍ਰਹਮਪੁਰਾ, ਦਿਲਬਰ ਸਿੰਘ, ਬਲਬੀਰ ਸਿੰਘ ਬੱਲੀ, ਸਾਧਾ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਸੈਕਟਰੀ, ਦਲਬੀਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਪੂਰਨ ਸਿੰਘ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਰਣਜੀਤ ਸਿੰਘ ਭੱਠਲ, ਸ਼ਿੰਗਾਰਾ ਸਿੰਘ ਵਰੇਆਂ, ਦਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਰਪੰਚ ਰਾਣੀ ਵਲਾਹ, ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਮੋਹਨ ਸਿੰਘ, ਜਗਰੂਪ ਸਿੰਘ ਪੱਖੋਪੁਰ, ਬਾਵਾ ਸਿੰਘ ਸਾਬਕਾ ਸਰਪੰਚ ਰਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਮਾਸਟਰ ਗੁਰਨਾਮ ਸਿੰਘ ਧੁੰਨ, ਜੋਤਾ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਸੁਬੇਦਾਰ ਬਲਵੰਤ ਸਿੰਘ, ਜੁਝਾਰ ਸਿੰਘ ਘੜਕਾ, ਫ਼ਤਹਿ ਸਿੰਘ ਸਰਪੰਚ ਘੜਕਾ, ਸਤਨਾਮ ਸਿੰਘ ਘੜਕਾ, ਪਰਮਜੀਤ ਸਿੰਘ ਚੰਬਾ, ਫ਼ਕਰ ਸਿੰਘ ਸੰਗਤਪੁਰਾ, ਮਨਜਿੰਦਰ ਸਿੰਘ ਸੰਗਤਪੁਰਾ ਅਤੇ ਰਣਜੀਤ ਸਿੰਘ ਮੁੰਡਾਪਿੰਡ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। -
Click to Follow Babushahi Facebook page →