Breaking: ਅੱਥਰੂ ਗੈਸ ਦੇ ਗੋਲੇ ਦਾਗਣ ਕਾਰਨ ਇੱਕ ਕਿਸਾਨ ਦਾ ਹੱਥ ਕੱਟਿਆ ਤੇ ਦੂਜੇ ਦੀ ਲੱਤ ਟੁੱਟੀ
ਅਸ਼ੋਕ ਵਰਮਾ
ਬਠਿੰਡਾ , 18 ਫਰਵਰੀ 2026: ਅੱਜ ਪਿੰਡ ਜਿਉਂਦ ਦੀ ਸੱਥ ਵਿੱਚ ਬਠਿੰਡਾ ਧਰਨੇ ਤੇ ਜਾਣ ਲਈ ਇਕੱਠੇ ਹੋਏ ਕਿਸਾਨਾਂ ’ਤੇ ਬਠਿੰਡਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਕਾਰਨ ਦੋ ਕਿਸਾਨ ਗੰਭੀਰ ਰੂਪ ’ਚ ਜਖਮੀ ਹੋਏ ਹਨ ਜਿੰਨ੍ਹਾਂ ਚੋਂ ਇੱਕ ਦੇ ਹੱਥ ਦੀਆਂ ਉਂਗਲਾਂ ਵਿਚਕਾਰ ਵੱਡਾ ਕੱਟ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਾਰੀ ਪ੍ਰੈਸ ਬਿਆਨ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਨਾਂ ਕੇਵਲ ਸ਼ਾਂਤਮਈ ਕਿਸਾਨਾਂ ਨੂੰ ਆਪਣੇ ਜਬਰ ਦਾ ਸ਼ਿਕਾਰ ਬਣਾਇਆ ਬਲਕਿ ਮਜਦੂਰਾਂ ਦੇ ਘਰਾਂ ਵਿੱਚ ਦਾਖਲ ਹੋਕੇ ਕੁੱਟਮਾਰ ਕੀਤੀ ਅਤੇ ਘਰਾਂ ਦਾ ਸਮਾਨ ਤੋੜਨ ਤੋਂ ਇਲਾਵਾ ਡੰਗਰ ਪਸ਼ੂਆਂ ਦਾ ਨੁਕਸਾਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਦਸ ਮਹੀਨਿਆਂ ਤੋਂ ਝੂਠੇ ਕੇਸ ’ਚ ਬੰਦ ਦੋ ਕਿਸਾਨਾਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ ਦੇ ਡੀਸੀ ਦਫਤਰ ਅੱਗੇ ਧਰਨਾ ਦੇਣਾ ਸੀ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੂਬੇ ਭਰ ਵਿੱਚ ਪੁਲਿਸ ਫੋਰਸ ਨੇ ਕਿਸਾਨਾਂ ਦੇ ਘਰਾਂ ਵਿੱਚ ਅੱਧੀ ਰਾਤ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਛੇ ਕਿਸਾਨਾਂ ਅਤੇ ਇੱਕ ਔਰਤ ਗੋਰਾ ਸਿੰਘ ਬੁਰਜ ਮਹਿਮਾ, ਭੋਲਾ ਸਿੰਘ ਸਰਜਾ ਮਹਿਮਾ, ਲਛਮਣ ਸਿੰਘ ਰਾਏ ਕੇ ਕਲਾਂ, ਤਾਰਾ ਸਿੰਘ ਪਥਰਾਲਾ,ਚੂਹੜ ਸਿੰਘ ਬਦਿਆਲਾ, ਜਸਵੰਤ ਸਿੰਘ ਘੜੈਲੀ ਅਤੇ ਮੌੜ ਚੜਤ ਸਿੰਘ ਦੇ ਆਗੂ ਦੀ ਘਰਵਾਲੀ ਮਨਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ। ਅੱਜ ਜਦੋਂ ਧਰਨੇ ਤੇ ਜਾਣ ਲਈ ਕਿਸਾਨ ਬਠਿੰਡਾ ਡੀਸੀ ਦਫਤਰ ਤੋਂ ਲਗਭਗ 40- 50 ਕਿਲੋਮੀਟਰ ਦੂਰ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਤਾਂ ਸੱਥ ਵਿੱਚ ਬੈਠੇ ਕਿਸਾਨਾਂ ਤੇ ਹੀ ਪੁਲਿਸ ਵੱਲੋਂ ਲਾਠੀਆਂ, ਅਥਰੂ ਗੈਸ ਦੇ ਗੋਲਿਆਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ , ਮਜ਼ਦੂਰਾਂ ਦੀ ਘਰਾਂ ਵਿੱਚ ਕੁੱਟ ਮਾਰ ਕੀਤੀ ਅਤੇ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਦੀ ਲੱਤ ਤੋੜ ਦਿੱਤੀ ਤੇ ਸਿਰ ਚ ਸੱਟ ਲੱਗੀ ਹੈ।
ਉਹਨਾਂ ਦੱਸਿਆ ਕਿ ਪਿੰਡ ਜਿਉਂਦ ਦੇ ਕਿਸਾਨ ਪੁਨੀਤ ਸਿੰਘ ਦੇ ਹੱਥ ਤੇ ਪੁਲਿਸ ਵੱਲੋਂ ਸੁੱਟਿਆ ਗੋਲਾ ਵੱਜਿਆ ਜਿਸ ਨਾਲ ਉਸਦਾ ਹੱਥ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ। ਇਸ ਦੌਰਾਨ ਹਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ, ਸਰਬਜੀਤ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਘਰੇ ਵੜ ਕੇ ਕੁੱਟਿਆ ਗਿਆ ਤੇ ਗਿਰਫ਼ਤਾਰ ਕੀਤਾ, ਘਰ ਬੈਠੇ ਮਜ਼ਦੂਰ ਜਗਸੀਰ ਸਿੰਘ ਨੂੰ ਕੁੱਟਿਆ, ਮਲਕੀਤ ਕੌਰ ਦੇ ਘਰ ਵਿੱਚ ਪੁਲਿਸ ਵੱਲੋਂ ਪੱਥਰ ਮਾਰੇ, ਘਰ ਚ ਖੜੀ ਕਾਰ ਦਾ ਅਥਰੂ ਗੈਸ ਦੇ ਗੋਲੇ ਨਾਲ ਸੀਸਾ ਟੁੱਟਿਆ, ਅੱਥਰੂ ਗੈਸ ਨਾਲ ਮਜ਼ਦੂਰਾਂ ਦੀਆਂ ਬੱਕਰੀਆਂ ਬੇਹੋਸ਼ ਹੋ ਗਈਆਂ ਜਿੰਨ੍ਹਾਂ ਚੋਂ ਇੱਕ ਮੌਤ ਦੀ ਖਬਰ ਹੈ। ਜੱਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਜਬਰ ਦਾ ਇਤਿਹਾਸ ਰਚ ਦਿੱਤਾ ਹੈ।
ਆਗੂਆਂ ਨੇ ਕਿਹਾ ਸਰਕਾਰ ਨੂੰ ਭਰਮ ਹੈ ਕਿ ਲਾਠੀਆਂ ਗੋਲੀਆਂ ਅਤੇ ਜੇਲਾਂ ਚ ਸੁੱਟ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ ਪਰ ਇਹ ਕਦੇ ਨਹੀਂ ਦੱਬੇਗੀ। ਉਹਨਾਂ ਕਿਹਾ ਕਿ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਜਮਾਨਤ ਮਿਲਣ ਤੇ ਸੰਘਰਸ਼ ਦੀ ਵੱਡੀ ਜਿੱਤ ਹੈ। ਉਹਨਾਂ ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਕਰਵਾ ਕੇ ਸ਼ਾਂਤਮਈ ਪਿੰਡ ਵਿੱਚ ਬੈਠੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਨ, ਜਖਮੀਆਂ ਦਾ ਇਲਾਜ ਮਾਹਿਰ ਡਾਕਟਰਾਂ ਤੋਂ ਸਰਕਾਰੀ ਖਰਚੇ ’ਤੇ ਕਰਵਾਉਣ, ਜਖਮੀਆਂ ਨੂੰ ਮੁਆਵਜਾ ਦੇਣ, ਇਸ ਅੰਦੋਲਨ ਦੌਰਾਨ ਪਾਏ ਸਾਰੇ ਝੂਠੇ ਪੁਲਿਸ ਕੇਸ ਰੱਦ ਕਰਨ, ਕਿਸਾਨ ਆਗੂ ਬਲਦੇਵ ਸਿੰਘ ਚੌਕੇ ਅਤੇ ਸਗਨਦੀਪ ਸਿੰਘ ਜਿਉਂਦ ’ਤੇ ਦਰਜ ਕੀਤੀ ਇਰਾਦਾ ਕਤਲ ਦੀ ਧਾਰਾ ਤੋੜਨ ਦੀ ਮੰਗ ਕੀਤੀ। ਅੱਜ ਦੇ ਧਰਨੇ ਨੂੰ ਮੁਕਤਸਰ ਜਿਲ੍ਹੇ ਦੇ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਮੋਗਾ ਦੇ ਆਗੂ ਬੂਟਾ ਸਿੰਘ ਭਾਗੀ ਕੇ ਨੇ ਵੀ ਸੰਬੋਧਨ ਕੀਤਾ।