BREAKING: ਸ਼ਰਾਬ ਦੇ ਠੇਕੇ ਬਾਹਰ ਫੂਸ ਮੰਡੀ ਦੇ ਸਾਬਕਾ ਸਰਪੰਚ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਅਸ਼ੋਕ ਵਰਮਾ
ਬਠਿੰਡਾ, 5 ਅਕਤੂਬਰ 2026: ਇੱਥੋਂ ਦੇ ਜੱਸੀ ਪੌ ਵਾਲੀ ਚੌਕ ਵਿਖੇ ਐਤਵਾਰ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਬਾਹਰ ਕਰੀਬ 65 ਸਾਲਾ ਸਾਬਕਾ ਸਰਪੰਚ ਦਾ ਕਥਿਤ ਤੌਰ 'ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ।ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸਦੀ ਪਛਾਣ ਉਸੇ ਪਿੰਡ ਫੂਸ ਮੰਡੀ ਦੇ ਗੁਰਬਖਸ਼ ਸਿੰਘ ਵਜੋਂ ਹੋਈ ਹੈ । ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮ੍ਰਿਤਕ ਜਗਤਾਰ ਸਿੰਘ ਉਰਫ ਤਾਰਾ ਵੀ ਫੂਸ ਮੰਡੀ ਪਿੰਡ ਦਾ ਰਹਿਣ ਵਾਲਾ ਸੀ ਜੋ ਸਾਬਕਾ ਸਰਪੰਚ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਖਰੀਦਣ ਗਿਆ ਸੀ ਉਦੋਂ ਉਸ 'ਤੇ ਹਮਲਾ ਹੋਇਆ।ਉਸ ਦੇ ਰਿਸ਼ਤੇਦਾਰਾਂ ਅਨੁਸਾਰ, ਜਗਤਾਰ ਸਿੰਘ 'ਤੇ ਪਹਿਲਾਂ ਕੁਹਾੜੀ ਨਾਲ ਦੋ ਵਾਰ ਕੀਤੇ ਗਏ।
ਕਥਿਤ ਤੌਰ 'ਤੇ ਹਮਲਾਵਰ ਫਿਰ ਨੇੜੇ ਦੇ ਇੱਕ ਚੌਕ ਤੋਂ ਵਾਪਸ ਆਇਆ ਅਤੇ ਉਸ 'ਤੇ ਦੁਬਾਰਾ ਹਮਲਾ ਕਰ ਦਿੱਤਾ ਅਤੇ ਪੈਦਲ ਹੀ ਫਰਾਰ ਹੋ ਗਿਆ। ਜਗਤਾਰ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਲੋਕਾਂ ਦੀ ਮੌਜੂਦਗੀ ਵਿੱਚ ਵਾਪਰੀ, ਪਰ ਕੋਈ ਵੀ ਬਚਾਅ ਕਰਨ ਲਈ ਅੱਗੇ ਨਹੀਂ ਆਇਆ। ਉਸ ਦੇ ਭਰਾ ਨੇ ਕਿਹਾ ਕਿ ਉਸ ਨੂੰ ਜਗਤਾਰ ਸਿੰਘ ਦੀ ਕਿਸੇ ਵੀ ਦੁਸ਼ਮਣੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬਠਿੰਡਾ ਦੇ ਐੱਸ ਪੀ (ਸਿਟੀ) ਆਸਵੰਤ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ ਦੀ ਆਪਸੀ (ਨਿੱਜੀ) ਦੁਸ਼ਮਣੀ ਸੀ। ਜਗਤਾਰ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ, ਜਿਨ੍ਹਾਂ ਦੋਵਾਂ ਦਾ ਵਿਆਹ ਹੋ ਚੁੱਕਾ ਹੈ।
ਇਸ ਹਮਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਜਗਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ, ਪਰ ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਹੱਤਿਆ ਉਨ੍ਹਾਂ ਦੀ ਪੁਰਾਣੀ ਰੰਜਿਸ਼ ਕਾਰਨ ਹੋਈ ਹੈ।ਵਾਰਦਾਤ ਪਿੱਛੇ ਕੀ ਕਾਰਨ ਰਿਹਾ, ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਮੌਕੇ ’ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਹੱਤਿਆ ਦੇ ਕਾਰਨ ਅਤੇ ਹਮਲਾਵਰ ਦੀ ਪਛਾਣ ਸਪਸ਼ਟ ਹੋ ਸਕੇਗੀ।
ਲਾਸ਼ ਨੂੰ ਸਹਾਰਾ ਜਨਸੇਵਾ ਟੀਮ ਦੀ ਮਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-