ਏ.ਡੀ.ਸੀ. ਵੱਲੋਂ ਮੋਹਾਲੀ ਦੀਆਂ 2 ਫ਼ਰਮਾਂ ਦੇ ਲਾਈਸੈਂਸ ਰੱਦ
ਬਾਬੂਸ਼ਾਹੀ ਬਿਊਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ, 2026 :
ਵਧੀਕ ਜ਼ਿਲ੍ਹਾ ਮੈਜਿਸਟਰੇਟ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਤਹਿਤ ਕਾਰਵਾਈ ਕਰਦਿਆਂ ਫਰਮ ਗੇਟਵੇ ਟੂ ਬਿਓਂਡ ਵੀਜ਼ਾ ਕੰਸਲਟੈਂਸੀ, ਐੱਸ.ਸੀ.ਐੱਫ. ਨੰਬਰ 17, ਦੂਜੀ ਮੰਜ਼ਿਲ, ਫੇਜ਼-11, ਮੋਹਾਲੀ ਮਾਲਕ ਮਿਸ ਰਾਜਵਿੰਦਰ ਕੌਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 838/ਆਈ.ਸੀ. 16 ਅਪ੍ਰੈਲ 2026 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 15 ਅਪ੍ਰੈਲ 2031 ਤੱਕ ਹੈ, ਨੂੰ 6 ਜੁਲਾਈ 2026 ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਏ.ਡੀ.ਸੀ. ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਧੀਨ ਪ੍ਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਭੇਜੇ ਗਏ ਪੱਤਰ ਰਾਹੀਂ ਇਸ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਉਕਤ ਫਰਮ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਡਿਜ਼ੀਟਲ ਪਲੇਟਫਾਰਮਾਂ 'ਤੇ ਭਰਤੀ ਨਾਲ ਸਬੰਧਤ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ, ਜੋ ਇਮੀਗ੍ਰੇਸ਼ਨ ਐਕਟ, 1983 ਦੀਆਂ ਵਿਵਸਥਾਵਾਂ ਦੀ ਕਥਿਤ ਉਲੰਘਣਾ ਦੇ ਦਾਇਰੇ ਵਿੱਚ ਆਉਂਦੇ ਹਨ।
ਇਸ ਸਬੰਧੀ ਫਰਮ ਨੂੰ 8 ਜੂਨ 2026 ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਅਤੇ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰ ਫਰਮ ਵੱਲੋਂ ਨਿਰਧਾਰਤ ਸਮੇਂ ਅੰਦਰ ਕੋਈ ਜਵਾਬ ਜਾਂ ਸਪੱਸ਼ਟੀਕਰਨ ਦਫ਼ਤਰ ਵਿੱਚ ਪੇਸ਼ ਨਹੀਂ ਕੀਤਾ ਗਿਆ।
ਦਫ਼ਤਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐਕਟ, ਨਿਯਮਾਂ ਅਤੇ ਜਾਰੀ ਕੀਤੀਆਂ ਅਡਵਾਈਜ਼ਰੀਆਂ ਦੀ ਪਾਲਣਾ ਨਾ ਕਰਨ, ਨੋਟਿਸ ਦਾ ਜਵਾਬ ਨਾ ਦੇਣ ਅਤੇ ਸੋਸ਼ਲ ਮੀਡੀਆ ਰਾਹੀਂ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕਰਨ ਕਾਰਨ ਫਰਮ ਵੱਲੋਂ ਇਮੀਗ੍ਰੇਸ਼ਨ ਐਕਟ, 1983 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਗਈ ਹੈ।
ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਲਾਇਸੰਸ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦੇ ਨਾਲ-ਨਾਲ ਫਰਮ ਨੂੰ 15 ਦਿਨਾਂ ਦੇ ਅੰਦਰ ਆਪਣਾ ਪੱਖ ਸਪੱਸ਼ਟ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਸ ਦਾ ਲਾਇਸੰਸ ਸਥਾਈ ਤੌਰ 'ਤੇ ਰੱਦ ਕਿਉਂ ਨਾ ਕੀਤਾ ਜਾਵੇ।
ਗ੍ਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈਕ ਫਰਮ ਦਾ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ
ਇਸੀ ਤਰ੍ਹਾਂ ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਤਹਿਤ ਕਾਰਵਾਈ ਕਰਦਿਆਂ ਗ੍ਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈਕ ਫਰਮ ਐੱਸ.ਸੀ.ਓ. ਨੰਬਰ 10, ਪਹਿਲੀ ਮੰਜ਼ਿਲ, ਨਿਅਰ ਰਾਇਲ ਐਸਟੇਟ, ਲੋਹਗੜ੍ਹ, ਜ਼ੀਰਕਪੁਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਜਾਰੀ ਲਾਇਸੰਸ ਨੰਬਰ 603/ਆਈ.ਸੀ. 31 ਅਗਸਤ 2023 ਨੂੰ 6 ਜੁਲਾਈ 2026 ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਏ.ਡੀ.ਸੀ. ਵੱਲੋਂ ਦੱਸਿਆ ਗਿਆ ਕਿ ਫਰਮ ਦੇ ਮਾਲਕ ਸੁਖਦੇਵ ਕੁਮਾਰ ਨੂੰ ਕੰਸਲਟੈਂਸੀ ਅਤੇ ਆਈਲੈਟਸ ਕੋਚਿੰਗ ਇੰਸਟੀਚਿਊਟ ਚਲਾਉਣ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 30 ਅਗਸਤ 2028 ਤੱਕ ਹੈ। ਐਕਟ ਅਤੇ ਨਿਯਮਾਂ ਅਨੁਸਾਰ ਲਾਇਸੰਸੀ ਨੂੰ ਮਹੀਨਾਵਾਰ ਜਾਣਕਾਰੀ/ਸੂਚਨਾ (ਸਮੇਤ ਮਾਸਿਕ ਸਵੈ-ਘੋਸ਼ਣਾ ਪੱਤਰ) ਅਤੇ ਹੋਰ ਲਾਜ਼ਮੀ ਜਾਣਕਾਰੀ ਨਿਯਮਤ ਤੌਰ 'ਤੇ ਜਮ੍ਹਾਂ ਕਰਵਾਉਣ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ, ਪਰ ਫਰਮ ਵੱਲੋਂ ਲੋੜੀਂਦੀ ਜਾਣਕਾਰੀ ਪੇਸ਼ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਪ੍ਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਭੇਜੇ ਪੱਤਰ ਰਾਹੀਂ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਕਿ ਫਰਮ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫਾਰਮਾਂ 'ਤੇ ਭਰਤੀ ਨਾਲ ਸਬੰਧਤ ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਇਮੀਗ੍ਰੇਸ਼ਨ ਐਕਟ, 1983 ਦੀ ਕਥਿਤ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਸਪੱਸ਼ਟੀਕਰਨ ਅਤੇ ਦਸਤਾਵੇਜ਼ ਮੰਗਣ ਲਈ ਨੋਟਿਸ ਜਾਰੀ ਕੀਤਾ ਗਿਆ, ਪਰ ਫਰਮ ਵੱਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ।
ਉਕਤ ਤੱਥਾਂ ਦੇ ਸਨਮੁੱਖ ਐਕਟ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ, ਨੋਟਿਸਾਂ ਦਾ ਜਵਾਬ ਨਾ ਦੇਣ ਅਤੇ ਇਮੀਗ੍ਰੇਸ਼ਨ ਐਕਟ, 1983 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀਆਂ ਧਾਰਾਵਾਂ ਦੀ ਉਲੰਘਣਾ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਲਾਇਸੰਸੀ/ਫਰਮ ਨੂੰ 15 ਦਿਨਾਂ ਅੰਦਰ ਆਪਣਾ ਪੱਖ ਸਪੱਸ਼ਟ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਨੋਟਿਸ ਦਾ ਜਵਾਬ ਨਾ ਦੇਣ ਦੀ ਸੂਰਤ ਵਿੱਚ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।
- Download Babushahi App
-
-